ਆਸਟਰੇਲੀਆ ਸਰਕਾਰ ਨੇ ਅੰਤਰਰਾਸ਼ਟਰੀ ਯਾਤਰੀਆਂ ਲਈ ਕੋਵਿਡ-19 ਟੀਕਾਕਰਨ ਸਥਿਤੀ ਦਾ ਐਲਾਨ ਕਰਨ ਦੀਆਂ ਲੋਡ਼ਾਂ ਨੂੰ ਖ਼ਤਮ ਕਰਨ ਦਾ ਐਲਾਨ ਕੀਤਾ ਹੈ। ਰਿਪੋਰਟ ਮੁਤਾਬਕ ਗ੍ਰਹਿ ਮਾਮਲਿਆਂ ਦੇ ਮੰਤਰੀ ਕਲੇਰ ਓ’ਨੀਲ ਅਤੇ ਸਿਹਤ ਮੰਤਰੀ ਮਾਰਕ ਬਟਲਰ ਨੇ ਐਲਾਨ ਕੀਤਾ ਕਿ ਬੁੱਧਵਾਰ ਤੋਂ ਆਸਟਰੇਲੀਆ ਪਹੁੰਚਣ ਵਾਲੇ ਯਾਤਰੀਆਂ ਨੂੰ ਟੀਕਾਕਰਨ ਦੀ ਸਥਿਤੀ ਦਾ ਐਲਾਨ ਕਰਨ ਲਈ ਡਿਜੀਟਲ ਪੈਸੰਜਰ ਘੋਸ਼ਣਾ ਨੂੰ ਪੂਰਾ ਨਹੀਂ ਕਰਨਾ ਪਵੇਗਾ। ਇਹ ਐਲਾਨ ਕੋਵਿਡ-19 ਦੇ ਫੈਲਣ ਨੂੰ ਰੋਕਣ ਲਈ ਮਾਰਚ 2020 ’ਚ ਪਹਿਲੀ ਵਾਰ ਲਾਗੂ ਕੀਤੇ ਜਾਣ ਤੋਂ ਦੋ ਸਾਲਾਂ ਤੋਂ ਵੱਧ ਸਮੇਂ ’ਚ ਆਸਟਰੇਲੀਆ ਦੀਆਂ ਸਾਰੀਆਂ ਅੰਤਰਰਾਸ਼ਟਰੀ ਯਾਤਰਾ ਪਾਬੰਦੀਆਂ ਨੂੰ ਖ਼ਤਮ ਕਰਦਾ ਹੈ। ਉਨ੍ਹਾਂ ਇਕ ਬਿਆਨ ’ਚ ਕਿਹਾ ਕਿ ਸਾਡੇ ਹਵਾਈ ਅੱਡੇ ਵਿਅਸਤ ਹੁੰਦੇ ਜਾ ਰਹੇ ਹਨ। ਇਨ੍ਹਾਂ ਲੋਡ਼ਾਂ ਨੂੰ ਹਟਾਉਣ ਨਾਲ ਨਾ ਸਿਰਫ਼ ਸਾਡੇ ਹਵਾਈ ਅੱਡਿਆਂ ’ਚ ਦੇਰੀ ਘਟੇਗੀ ਬਲਕਿ ਵਧੇਰੇ ਸੈਲਾਨੀਆਂ ਅਤੇ ਹੁਨਰਮੰਦ ਕਾਮਿਆਂ ਨੂੰ ਆਸਟਰੇਲੀਆ ਨੂੰ ਇਕ ਮੰਜ਼ਿਲ ਵਜੋਂ ਚੁਣਨ ਲਈ ਉਤਸ਼ਾਹਿਤ ਕੀਤਾ ਜਾ ਸਕੇਗਾ। ਆਸਟਰੇਲੀਆ ਜਾਣ ਵਾਲੇ ਸਾਰੇ ਲੋਕਾਂ ਨੂੰ ਅਜੇ ਵੀ ਫਲਾਈਟ ’ਚ ਫੇਸ ਮਾਸਕ ਪਹਿਨਣ ਦੀ ਲੋਡ਼ ਹੋਵੇਗੀ। ਇਹ ਐਲਾਨ ਉਸ ਸਮੇਂ ਹੋਇਆ ਜਦੋਂ ਆਸਟਰੇਲੀਆ ’ਚ ਕੋਵਿਡ-19 ਕੇਸਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਸੋਮਵਾਰ ਸਵੇਰੇ ਆਸਟਰੇਲੀਆ ਨੇ 25,000 ਤੋਂ ਵੱਧ ਨਵੇਂ ਕੋਵਿਡ-19 ਕੇਸ ਅਤੇ 25 ਮੌਤਾਂ ਦੀ ਸੂਚਨਾ ਦਿੱਤੀ, ਜਿਨ੍ਹਾਂ ’ਚੋਂ ਵਿਕਟੋਰੀਆ ’ਚ 24 ਅਤੇ ਨਿਊ ਸਾਊਥ ਵੇਲਜ਼ ’ਚ ਇਕ ਮੌਤ ਦੀ ਰਿਪੋਰਟ ਕੀਤੀ ਗਈ। ਬਟਲਰ ਨੇ ਕਿਹਾ ਕਿ ਇਹ ਬਿਲਕੁਲ ਸਪੱਸ਼ਟ ਹੈ ਕਿ ਅਗਲੇ ਕੁਝ ਮਹੀਨਿਆਂ ’ਚ ਕੇਸ ਵਧਣ ਜਾ ਰਹੇ ਹਨ।