ਪਹਿਲੇ ਹੀ ਟੀ-20 ਮੈਚ ‘ਚ ਇੰਡੀਆ ਨੂੰ ਨਮੋਸ਼ੀਜਨਕ ਹਾਰ ਦਾ ਸਾਹਮਣਾ ਕਰਨਾ ਪਿਆ ਜਦੋਂ ਮੁੰਬਈ ਦੇ ਵਾਨਖੇੜੇ ਸਟੇਡੀਅਮ ‘ਚ ਆਸਟਰੇਲੀਆ ਦੀ ਟੀਮ 9 ਵਿਕਟਾਂ ਨਾਲ ਜੇਤੂ ਰਹੀ। ਭਾਰਤੀ ਟੀਮ ਨੇ ਪਹਿਲੀ ਪਾਰੀ ‘ਚ 172 ਦੌੜਾਂ ਬਣਾਈਆਂ ਸਨ। ਇਸ ਦੇ ਜਵਾਬ ‘ਚ ਬੇਥ ਮੂਨੀ ਦੀਆਂ 57 ਗੇਂਦਾਂ ‘ਚ 89 ਦੌੜਾਂ ਦੀ ਪਾਰੀ ਦੀ ਬਦੌਲਤ ਆਸਟਰੇਲੀਆ ਨੇ 19ਵੇਂ ਓਵਰ ‘ਚ ਜਿੱਤ ਹਾਸਲ ਕਰ ਲਈ। ਆਸਟਰੇਲੀਆ ਲਈ ਕਪਤਾਨ ਐਲੀਸਾ ਹੇਲੀ ਨੇ 23 ਗੇਂਦਾਂ ‘ਚ 37 ਦੌੜਾਂ ਅਤੇ ਤਾਹਿਲਾ ਮੈਕਗ੍ਰਾ ਨੇ 29 ਗੇਂਦਾਂ ‘ਚ 40 ਦੌੜਾਂ ਦਾ ਯੋਗਦਾਨ ਦਿੱਤਾ। ਇਸ ਤੋਂ ਪਹਿਲਾਂ ਭਾਰਤੀ ਮਹਿਲਾ ਟੀਮ ਨੇ ਬੱਲੇਬਾਜ਼ਾਂ ਦੇ ਮਿਲੇ-ਜੁਲੇ ਪ੍ਰਦਰਸ਼ਨ ਕਾਰਨ ਪੰਜ ਵਿਕਟਾਂ ਗੁਆ ਕੇ 172 ਦੌੜਾਂ ਬਣਾਈਆਂ ਸਨ। ਟੀਮ ਨੂੰ ਆਖਰੀ ਓਵਰਾਂ ‘ਚ ਰਿਸ਼ਾ ਘੋਸ਼ ਦੇ ਨਾਲ ਦੀਪਤੀ ਸ਼ਰਮਾ ਦੀ ਦਮਦਾਰ ਬੱਲੇਬਾਜ਼ੀ ਦਾ ਫਾਇਦਾ ਮਿਲਿਆ। ਦੋਵਾਂ ਨੇ ਆਖਰੀ 7 ਓਵਰਾਂ ‘ਚ 85 ਦੌੜਾਂ ਬਣਾਈਆਂ ਅਤੇ ਸਕੋਰ ਨੂੰ 172 ਦੌੜਾਂ ਤਕ ਪਹੁੰਚਾਇਆ। ਰਿਸ਼ਾ ਨੇ 20 ਗੇਂਦਾਂ ‘ਚ ਪੰਜ ਚੌਕਿਆਂ ਅਤੇ ਦੋ ਛੱਕਿਆਂ ਦੀ ਮਦਦ ਨਾਲ 36 ਦੌੜਾਂ ਬਣਾਈਆਂ ਜਦਕਿ ਦੀਪਤੀ ਨੇ 15 ਗੇਂਦਾਂ ‘ਚ 8 ਚੌਕਿਆਂ ਦੀ ਮਦਦ ਨਾਲ 36 ਦੌੜਾਂ ਬਣਾਈਆਂ। ਟੀਮ ਇੰਡੀਆ ਦੀ ਸ਼ੁਰੂਆਤ ਚੰਗੀ ਰਹੀ। ਓਪਨਿੰਗ ਬੱਲੇਬਾਜ਼ ਸ਼ੈਫਾਲੀ ਵਰਮਾ ਨੇ ਆਸਟਰੇਲੀਅਨ ਤੇਜ਼ ਗੇਂਦਬਾਜ਼ ਮੇਘਨ ਸਕਟ ਅਤੇ ਕਿਮ ਗਰਥ ‘ਤੇ ਵੱਡੇ ਸ਼ਾਟ ਲਗਾਏ। ਜਦੋਂ ਤੀਜੇ ਓਵਰ ‘ਚ ਸ਼ੈਫਾਲੀ ਦੀ ਵਿਕਟ ਡਿੱਗੀ, ਉਦੋਂ ਤਕ ਭਾਰਤੀ ਟੀਮ 28 ਦੌੜਾਂ ਬਣਾ ਚੁੱਕੀ ਸੀ। ਸ਼ੈਫਾਲੀ ਨੇ 10 ਗੇਂਦਾਂ ‘ਚ ਦੋ ਚੌਕਿਆਂ ਅਤੇ ਦੋ ਛੱਕਿਆਂ ਦੀ ਮਦਦ ਨਾਲ 21 ਦੌੜਾਂ ਬਣਾਈਆਂ। ਸਮ੍ਰਿਤੀ 22 ਗੇਂਦਾਂ ‘ਚ ਪੰਜ ਚੌਕਿਆਂ ਦੀ ਮਦਦ ਨਾਲ 28 ਦੌੜਾਂ ਬਣਾਉਣ ‘ਚ ਕਾਮਯਾਬ ਰਹੀ। ਜੇਮਿਮਾ ਰੌਡਰਿਗਜ਼ ਖਾਤਾ ਨਹੀਂ ਖੋਲ੍ਹ ਸਕੀ ਅਤੇ ਜ਼ੀਰੋ ‘ਤੇ ਆਊਟ ਹੋ ਗਈ। ਟੀਮ ਇੰਡੀਆ ਨੂੰ ਕਪਤਾਨ ਹਰਮਨਪ੍ਰੀਤ ਕੌਰ ਦਾ ਸਾਥ ਮਿਲਿਆ ਜਿਸ ਨੇ 21 ਦੌੜਾਂ ਬਣਾਈਆਂ। ਪਰ ਹਰਮਨਪ੍ਰੀਤ ਦੀ ਵਿਕਟ ਉਸ ਸਮੇਂ ਡਿੱਗੀ ਜਦੋਂ ਟੀਮ ਨੂੰ ਦੌੜਾਂ ਬਣਾਉਣ ਦੀ ਲੋੜ ਸੀ। ਦੇਵਿਕਾ ਵੈਧਿਆ 25 ਦੌੜਾਂ ਬਣਾ ਕੇ ਅਜੇਤੂ ਰਹੀ ਪਰ ਰਿਸ਼ਾ ਅਤੇ ਦੀਪਤੀ ਨੇ ਵੱਡੇ ਸ਼ਾਟ ਨਾਲ ਦਰਸ਼ਕਾਂ ਦਾ ਮਨੋਰੰਜਨ ਕੀਤਾ। ਆਸਟਰੇਲੀਆ ਲਈ ਐਲੀਸ ਪੇਰੀ ਨੇ 10 ਦੌੜਾਂ ‘ਤੇ ਦੋ ਵਿਕਟਾਂ, ਕਿਮ ਗਰਥ ਨੇ 27 ਦੌੜਾਂ ‘ਤੇ ਇਕ ਵਿਕਟ, ਐਸ਼ੇ ਨੇ 27 ਦੌੜਾਂ ‘ਤੇ ਇਕ ਵਿਕਟ ਅਤੇ ਸਦਰਲੈਂਡ ਨੇ 21 ਦੌੜਾਂ ‘ਤੇ ਇਕ ਵਿਕਟ ਲਈ।