ਆਸਟਰੇਲੀਆ ਦੇ ਸਭ ਤੋਂ ਸਫ਼ਲ ਟੀ-20 ਅੰਤਰਰਾਸ਼ਟਰੀ ਬੱਲੇਬਾਜ਼ ਅਤੇ 2021 ‘ਚ ਟੀ-20 ਵਰਲਡ ਕੱਪ ਜਿਤਾਉਣ ਵਾਲੇ ਕਪਤਾਨ ਆਰੋਨ ਫਿੰਚ ਨੇ ਮੰਗਲਵਾਰ ਨੂੰ ਅੰਤਰਰਾਸ਼ਟਰੀ ਕ੍ਰਿਕਟ ਨੂੰ ਅਲਵਿਦਾ ਕਹਿ ਦਿੱਤਾ। 36 ਸਾਲਾ ਫਿੰਚ ਹਾਲਾਂਕਿ ਬਿਗ ਬੈਸ਼ ਲੀਗ ਅਤੇ ਘਰੇਲੂ ਟੀ-20 ਮੈਚਾਂ ‘ਚ ਖੇਡਦੇ ਰਹਿਣਗੇ। ਕ੍ਰਿਕਟ ਆਸਟਰੇਲੀਆ ਨੇ ਟਵੀਟ ਕੀਤਾ, ‘ਸਾਡੇ ਵਰਲਡ ਕੱਪ ਜੇਤੂ ਅਤੇ ਸਭ ਤੋਂ ਲੰਬੇ ਸਮੇਂ ਤੱਕ ਟੀ-20 ਕਪਤਾਨ ਰਹਿਣ ਵਾਲੇ ਆਰੋਨ ਫਿੰਚ ਨੇ ਖੇਡ ਨੂੰ ਅਲਵਿਦਾ ਕਹਿਣ ਦਾ ਫ਼ੈਸਲਾ ਕੀਤਾ ਹੈ। ਤੁਹਾਡੇ ਯੋਗਦਾਨ ਲਈ ਧੰਨਵਾਦ ਆਰੋਨ ਫਿੰਚ।’ ਫਿੰਚ ਦਾ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈਣਾ ਤੈਅ ਮੰਨਿਆ ਜਾ ਰਿਹਾ ਸੀ। ਉਨ੍ਹਾਂ ਨੇ ਪਿਛਲੇ ਸਾਲ ਵਨਡੇ ਕ੍ਰਿਕਟ ਨੂੰ ਵੀ ਅਲਵਿਦਾ ਕਹਿ ਦਿੱਤਾ ਅਤੇ ਆਖ਼ਰੀ ਟੈਸਟ ਵੀ 2018 ‘ਚ ਖੇਡਿਆ ਸੀ। ਉਨ੍ਹਾਂ ਦੀ ਕਪਤਾਨੀ ‘ਚ ਆਸਟਰੇਲੀਆ ਨੇ ਡੁਬਈ ‘ਚ ਨਿਊਜ਼ੀਲੈਂਡ ਨੂੰ ਹਰਾ ਕੇ ਟੀ-20 ਵਰਲਡ ਕੱਪ 2021 ਜਿੱਤਿਆ ਸੀ। ਪਿਛਲੇ ਸਾਲ ਹਾਲਾਂਕਿ ਆਪਣੀ ਧਰਤੀ ‘ਤੇ ਟੀ-20 ਵਰਲਡ ਕੱਪ ਦੇ ਸੈਮੀਫਾਈਨਲ ‘ਚ ਆਸਟਰੇਲੀਆਈ ਟੀਮ ਨਹੀਂ ਪਹੁੰਚ ਸਕੀ। ਫਿੰਚ ਨੇ ਆਖ਼ਰੀ ਟੀ-20 ਮੈਚ ਵੀ ਉਸੇ ਟੂਰਨਾਮੈਂਟ ‘ਚ ਖੇਡਿਆ, ਜਦੋਂ ਆਸਟਰੇਲੀਆ ਦੀ ਆਇਰਲੈਂਡ ‘ਤੇ 42 ਦੌੜਾ ਨਾਲ ਜਿੱਤ ਵਿਚ ਉਨ੍ਹਾਂ ਨੇ 63 ਦੌੜਾਂ ਬਣਾਈਆਂ ਸਨ। ਫਿੰਚ ਨੇ ਪੱਤਰਕਾਰਾਂ ਨੂੰ ਕਿਹਾ, ‘ਮੈਂ 2024 ਟੀ-20 ਵਰਲਡ ਕੱਪ ਤੱਕ ਨਹੀਂ ਖੇਡ ਸਕਾਂਗਾ, ਇਸ ਲਈ ਹੁਣ ਮੇਰੇ ਲਈ ਪਿੱਛੇ ਹਟਣ ਦਾ ਸਹੀ ਸਮਾਂ ਹੈ ਤਾਂ ਕਿ ਟੀਮ ਭਵਿੱਖ ਬਾਰੇ ਸੋਚ ਸਕੇ।’ ਫਿੰਚ ਨੇ ਆਸਟਰੇਲੀਆ ਲਈ 5 ਟੈਸਟ ਮੈਚਾਂ ‘ਚ 278 ਦੌੜਾਂ, 146 ਵਨਡੇ ਮੈਚਾਂ ‘ਚ 5406 ਦੌੜਾਂ ਬਣਾਈਆਂ ਅਤੇ 103 ਟੀ-20 ਖੇਡ ਕੇ 3120 ਦੌੜਾਂ ਬਣਾਈਆਂ, ਜਿਸ ‘ਚ 2 ਸੈਂਕੜੇ ਅਤੇ 19 ਅਰਧ ਸੈਂਕੜੇ ਸ਼ਾਮਲ ਹਨ। ਜਨਵਰੀ 2011 ‘ਚ ਆਪਣੀ ਅੰਤਰਰਾਸ਼ਟਰੀ ਕ੍ਰਿਕਟ ‘ਚ ਡੈਬਿਊ ਕਰਨ ਤੋਂ ਬਾਅਦ ਉਨ੍ਹਾਂ ਨੇ ਸਾਰੇ ਫਾਰਮੈਟਾ ‘ਚ 8804 ਦੌੜਾਂ ਬਣਾਈਆਂ ਹਨ, ਜਿਸ ‘ਚ 17 ਵਨਡੇ ਸੈਂਕੜੇ ਅਤੇ ਦੋ ਟੀ-20 ਸੈਂਕੜੇ ਸ਼ਾਮਲ ਹਨ। ਉਨ੍ਹਾਂ ਰਿਕਾਰਡ 76 ਟੀ-20 ਮੈਚਾਂ ‘ਚ ਆਸਟਰੇਲੀਆ ਦੀ ਕਪਤਾਨੀ ਕੀਤੀ। ਟੀ-20 ਕ੍ਰਿਕਟ ‘ਚ ਸਭ ਤੋਂ ਵੱਧ ਵਿਅਕਤੀਗਤ ਸਕੋਰ ਦਾ ਰਿਕਾਰਡ ਵੀ ਉਨ੍ਹਾਂ ਦੇ ਨਾਮ ਹੈ ਜਦੋਂ 2018 ‘ਚ ਹਰਾਰੇ ‘ਚ ਜ਼ਿੰਬਾਬਵੇ ਦੇ ਖ਼ਿਲਾਫ਼ ਉਨ੍ਹਾਂ ਨੇ 76 ਗੇਂਦਾਂ ‘ਚ 172 ਦੌੜਾਂ ਦੀ ਪਾਰੀ ਖੇਡੀ ਸੀ।