ਆਗਾਮੀ ਆਸਟਰੇਲੀਆ ਦੌਰੇ ਲਈ ਹਾਕੀ ਇੰਡੀਆ ਨੇ 23 ਮੈਂਬਰੀ ਟੀਮ ਦਾ ਐਲਾਨ ਕਰ ਦਿੱਤਾ ਹੈ। ਇਸ ਤਹਿਤ ਤਜਰਬੇਕਾਰ ਡਰੈਗ ਫਲਿੱਕਰ ਹਰਮਨਪ੍ਰੀਤ ਸਿੰਘ ਭਾਰਤੀ ਟੀਮ ਦੀ ਅਗਵਾਈ ਕਰੇਗਾ। ਭਾਰਤੀ ਟੀਮ ਐਡੀਲੇਡ ‘ਚ 26 ਨਵੰਬਰ ਤੋਂ ਸ਼ੁਰੂ ਹੋਣ ਵਾਲੇ ਦੌਰੇ ‘ਚ ਪੰਜ ਮੈਚ ਖੇਡੇਗੀ। ਇਹ ਦੌਰਾ ਅਗਲੇ ਸਾਲ ਹੋਣ ਵਾਲੇ ਵਰਲਡ ਕੱਪ ਦੀ ਤਿਆਰੀ ਲਈ ਇੰਡੀਆ ਵਾਸਤੇ ਅਹਿਮ ਹੋਵੇਗਾ। ਐੱਫ.ਆਈ.ਐੱਚ. ਵਰਲਡ ਕੱਪ 13 ਤੋਂ 29 ਜਨਵਰੀ ਤੱਕ ਭੁਬਨੇਸ਼ਵਰ ਅਤੇ ਰੁੜਕੇਲਾ ‘ਚ ਖੇਡਿਆ ਜਾਵੇਗਾ। ਅਮਿਤ ਰੋਹੀਦਾਸ ਨੂੰ ਟੀਮ ਦਾ ਉਪ ਕਪਤਾਨ ਬਣਾਇਆ ਗਿਆ ਹੈ। ਭਾਰਤੀ ਹਾਕੀ ਟੀਮ ਦੇ ਮੁੱਖ ਕੋਚ ਗ੍ਰਾਹਮ ਰੀਡ ਨੇ ਕਿਹਾ ਕਿ ਆਸਟਰੇਲੀਆ ਹਾਕੀ ਵਿਸ਼ਵ ਕੱਪ 2023 ਦੇ ਮੁੱਖ ਦਾਅਵੇਦਾਰਾਂ ‘ਚੋਂ ਇਕ ਹੈ ਅਤੇ ਇਸ ਦੌਰੇ ‘ਚ ਉਸ ਖ਼ਿਲਾਫ਼ ਖੁਦ ਨੂੰ ਪਰਖਣ ਦਾ ਸੁਨਹਿਰੀ ਮੌਕਾ ਹੋਵੇਗਾ। ਉਨ੍ਹਾਂ ਕਿਹਾ ਕਿ ਫਾਰਵਰਡ ਲਾਈਨ ‘ਚ ਮਨਦੀਪ ਸਿੰਘ, ਦਿਲਪ੍ਰੀਤ ਸਿੰਘ, ਅਭਿਸ਼ੇਕ ਅਤੇ ਸੁਖਜੀਤ ਸਿੰਘ ਹੋਣਗੇ ਜਦਕਿ ਮਿਡਫੀਲਡ ਗੁਰਜੰਟ ਸਿੰਘ, ਆਕਾਸ਼ਦੀਪ ਸਿੰਘ, ਮੁਹੰਮਦ ਰਾਹੀਲ ਮੌਸੀਨ, ਰਾਜਕੁਮਾਰ ਪਾਲ, ਨੀਲਕਾਂਤ ਸ਼ਰਮਾ, ਸ਼ਮਸ਼ੇਰ ਸਿੰਘ, ਹਾਰਦਿਕ ਸਿੰਘ, ਮਨਪ੍ਰੀਤ ਸਿੰਘ ਅਤੇ ਸੁਮਿਤ ਸੰਭਾਲਣਗੇ। ਡਿਫੈਂਸ ਦੀ ਜ਼ਿੰਮੇਵਾਰੀ ਵਰੁਣ ਕੁਮਾਰ, ਜਰਮਨਪ੍ਰੀਤ ਸਿੰਘ, ਸੁਰੇਂਦਰ ਕੁਮਾਰ, ਹਰਮਨਪ੍ਰੀਤ ਸਿੰਘ, ਅਮਿਤ ਰੋਹੀਦਾਸ, ਜੁਗਰਾਜ ਸਿੰਘ, ਮਨਦੀਪ ਮੋਰ ਅਤੇ ਨੀਲਮ ਸੰਜੀਪ ਨੂੰ ਦਿੱਤੀ ਗਈ ਹੈ।