ਮੈਲਬੌਰਨ (ਆਸਟਰੇਲੀਆ) ਵਿਖੇ ਪੰਜ ਦਿਨਾਂ ਦੇ ਅੰਦਰ ਦੂਜੀ ਵਾਰ ਹਿੰਦੂ ਮੰਦਰ ‘ਤੇ ਹਮਲਾ ਹੋਣ ਦੀ ਜਾਣਕਾਰੀ ਸਾਹਮਣੇ ਆਈ ਹੈ। ਮੈਲਬੌਰਨ ਦੇ ਇਕ ਹੋਰ ਹਿੰਦੂ ਮੰਦਰ ‘ਚ ਭੰਨ-ਤੋੜ ਕੀਤੀ ਗਈ। ਇਸ ਹਮਲੇ ਦਾ ਦੋਸ਼ ਖਾਲਿਸਤਾਨੀ ਸਮਰਥਕਾਂ ‘ਤੇ ਲੱਗਾ ਹੈ। ਇਹੀ ਨਹੀਂ ਕੰਧਾਂ ‘ਤੇ ਖਾਲਿਸਤਾਨੀ ਨਾਅਰੇ ਵੀ ਲਿਖੇ ਗਏ। ਆਸਟਰੇਲੀਆ ਟੂਡੇ ਦੀ ਰਿਪੋਰਟ ਮੁਤਾਬਕ ਕੈਰਮ ਡਾਊਲਸ ਸਥਿਤ ਇਤਿਹਾਸਿਕ ਸ੍ਰੀ ਸ਼ਿਵ ਵਿਸ਼ਨੂੰ ਮੰਦਰ ‘ਚ ਭੰਨ-ਤੋੜ ਕੀਤੀ ਗਈ ਹੈ। ਇਸ ਹਰਕਤ ਪਿੱਛੇ ਖਾਲਿਸਤਾਨੀ ਸਮਰਥਕਾਂ ਦਾ ਹੱਥ ਹੋਣ ਦਾ ਖਦਸ਼ਾ ਹੈ। ਸਮਰਥਕਾਂ ਨੇ ਭੰਨ-ਤੋੜ ਦੌਰਾਨ ਮੰਦਰ ਕੰਪਲੈਕਸ ਨੇੜੇ ਇੰਡੀਆ ਅਤੇ ਹਿੰਦੂ ਵਿਰੋਧੀ ਚਿੱਤਰ ਵੀ ਬਣਾਏ। ਇਸ ਤੋਂ ਪਹਿਲਾਂ 12 ਜਨਵਰੀ ਦੀ ਸਵੇਰ ਆਸਟਰੇਲੀਆ ਦੇ ਮੈਲਬੌਰਨ ਵਿਖੇ ਮਿੱਲ ਪਾਰਕ ਵਿਖੇ ਬੀ.ਏ.ਪੀ.ਐੱਸ. ਸਵਾਮੀਨਾਰਾਇਣ ਮੰਦਰ ਦੀਆਂ ਕੰਧਾਂ ‘ਤੇ ਖਾਲਿਸਤਾਨੀ ਨਾਅਰੇ ਲਿਖੇ ਗਏ ਸਨ। ਮੰਦਰ ਨੇ ਭੰਨ-ਤੋੜ ਕੀਤੇ ਜਾਣ ਦੀ ਵੀ ਗੱਲ ਕਹੀ ਸੀ। ਸਵਾਮੀਨਾਰਾਇਣ ਮੰਦਿਰ ਨੇ ਦੱਸਿਆ ਸੀ ਕਿ ਅਸੀਂ ਇਨ੍ਹਾਂ ਵਿਨਾਸ਼ਕਾਰੀ ਅਤੇ ਨਫ਼ਰਤ ਦੀਆਂ ਕਾਰਵਾਈਆਂ ਤੋਂ ਬਹੁਤ ਦੁਖੀ ਅਤੇ ਸਦਮੇ ‘ਚ ਹਾਂ।’ ਹਿੰਦੂ ਪ੍ਰੀਸ਼ਦ ਆਸਟਰੇਲੀਆ ਦੇ ਵਿਕਟੋਰੀਆ ਸੂਬਾ ਪ੍ਰਧਾਨ ਮਕਰੰਦ ਭਾਗਵਤ ਨੇ ਕਿਹਾ ਸੀ ਕਿ ‘ਧਰਮ ਸਥਾਨਾਂ ਖ਼ਿਲਾਫ਼ ਕਿਸੇ ਵੀ ਤਰ੍ਹਾਂ ਦੀ ਨਫ਼ਰਤ ਅਤੇ ਭੰਨ-ਤੋੜ ਸਵੀਕਾਰ ਨਹੀਂ ਹੈ ਅਤੇ ਅਸੀਂ ਇਸ ਦੀ ਨਿੰਦਾ ਕਰਦੇ ਹਾਂ।’