ਆਸਟਰੇਲੀਆ ’ਚ ਕਰੋਨਾ ਮਾਮਲਿਆਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ ਅਤੇ ਐਤਵਾਰ ਨੂੰ 30 ਹੋਰ ਮੌਤਾਂ ਹੋਈਆਂ ਹਨ। ਇਸ ਤਰ੍ਹਾਂ ਆਸਟਰੇਲੀਆ ’ਚ ਕੋਵਿਡ-19 ਨਾਲ ਮਰਨ ਵਾਲਿਆਂ ਦੀ ਗਿਣਤੀ 10,000 ਦੇ ਅੰਕਡ਼ੇ ਨੂੰ ਪਾਰ ਕਰ ਗਈ ਹੈ। ਰਿਪੋਰਟ ਮੁਤਾਬਕ ਇਨ੍ਹਾਂ ਮੌਤਾਂ ਵਿੱਚੋਂ 7500 ਤੋਂ ਵੱਧ ਮੌਤਾਂ 2022 ’ਚ ਹੋਈਆਂ ਹਨ ਜਿਸ ਦੌਰਾਨ ਪਾਬੰਦੀਆਂ ਨੂੰ ਵੱਡੇ ਪੱਧਰ ’ਤੇ ਖ਼ਤਮ ਕਰ ਦਿੱਤਾ ਗਿਆ ਹੈ। ਵਿਕਟੋਰੀਆ ਅਤੇ ਨਿਊ ਸਾਊਥ ਵੇਲਜ਼, ਜੋ ਕਿ ਆਸਟ੍ਰੇਲੀਆ ਦੀ ਆਬਾਦੀ ਦਾ 55 ਪ੍ਰਤੀਸ਼ਤ ਤੋਂ ਵੱਧ ਹਿੱਸਾ ਪਾਉਂਦੇ ਹਨ, ਦੇਸ਼ ਦੀਆਂ ਕੋਵਿਡ-19 ਮੌਤਾਂ ਦੇ 75 ਪ੍ਰਤੀਸ਼ਤ ਤੋਂ ਵੱਧ ਲਈ ਜ਼ਿੰਮੇਵਾਰ ਹਨ। ਆਸਟਰੇਲੀਆ ਦੀਆਂ ਕਰੋਨਾ ਵਾਇਰਸ ਮੌਤਾਂ ਵਿੱਚੋਂ ਲਗਭਗ 35 ਪ੍ਰਤੀਸ਼ਤ 80-89 ਸਾਲ ਦੀ ਉਮਰ ਦੇ ਸਨ, ਜਦਕਿ 90 ਅਤੇ ਇਸ ਤੋਂ ਵੱਧ ਉਮਰ ਦੇ ਲੋਕਾਂ ਦੀ ਮੌਤ ਦਰ 25 ਪ੍ਰਤੀਸ਼ਤ ਸੀ। ਐਤਵਾਰ ਨੂੰ ਪੂਰੇ ਆਸਟਰੇਲੀਆ ’ਚ 30,000 ਤੋਂ ਵੱਧ ਨਵੇਂ ਕੋਵਿਡ-19 ਮਾਮਲੇ ਸਾਹਮਣੇ ਆਏ ਜਿਸ ਨਾਲ ਮਹਾਮਾਰੀ ਦੀ ਸ਼ੁਰੂਆਤ ਤੋਂ ਲੈ ਕੇ ਦੇਸ਼ ’ਚ ਕੁੱਲ ਕੇਸਾਂ ਦੀ ਗਿਣਤੀ ਲਗਭਗ 8.2 ਮਿਲੀਅਨ ਹੋ ਗਈ। ਸਿਹਤ ਅਤੇ ਬਜ਼ੁਰਗ ਦੇਖਭਾਲ ਮੰਤਰੀ ਮਾਰਕ ਬਟਲਰ ਨੇ ਹਾਲ ਹੀ ’ਚ ਲੋਕਾਂ ਨੂੰ ਹੋਰ ਸੁਰੱਖਿਆ ਪ੍ਰਦਾਨ ਕਰਨ ਲਈ ਬੂਸਟਰ ਡੋਜ਼ ਲੈਣ ਲਈ ਕਿਹਾ ਹੈ।