ਆਸਟਰੇਲੀਆ ਓਪਨ ‘ਚ ਬ੍ਰਿਟੇਨ ਦੇ ਜੈਕ ਡ੍ਰੈਪਰ ਖ਼ਿਲਾਫ਼ ਪਹਿਲੇ ਗੇੜ ‘ਚ ਨਡਾਲ ਦੀ ਸੰਘਰਸ਼ਪੂਰਨ ਜਿੱਤ ਹੋਈ ਤਾਂ ਅੱਜ ਬੁੱਧਵਾਰ ਨੂੰ ਦੂਜੇ ਗੇੜ ਦੇ ਮੈਚ ‘ਚ ਰਾਫੇਲ ਨਡਾਲ ਅਮਰੀਕਾ ਦੇ ਮੈਕੇਂਜੀ ਮੈਕਡੋਨਲਡ ਤੋਂ 6-4, 6-4, 7-5 ਨਾਲ ਹਾਰ ਗਿਆ। ਇਸ ਨਾਲ ਨਡਾਲ ਦਾ ਖਿਤਾਬ ਬਚਾਉਣ ਤੇ 23ਵੀਂ ਵਾਰ ਗਰੈਂਡ ਸਲੈਮ ਜਿੱਤ ਕੇ ਰਿਕਾਰਡ ਬਣਾਉਣ ਦਾ ਸੁਫ਼ਨਾ ਟੁੱਟ ਗਿਆ। ਇਸ ਤੋਂ ਪਹਿਲਾਂ ਪਿਛਲੀ ਵਾਰ ਦੇ ਚੈਂਪੀਅਨ ਸਪੇਨ ਦੇ ਰਾਫੇਲ ਨਡਾਲ ਨੂੰ ਸਾਲ ਦੇ ਪਹਿਲੇ ਗਰੈਂਡ ਸਲੈਮ ਆਸਟਰੇਲੀਅਨ ਓਪਨ ਦੇ ਪਹਿਲੇ ਗੇੜ ‘ਚ ਬ੍ਰਿਟੇਨ ਦੇ ਜੈਕ ਡ੍ਰੈਪਰ ਖ਼ਿਲਾਫ਼ ਜਿੱਤ ਦਰਜ ਕਰਨ ਲਈ ਸਖ਼ਤ ਮਿਹਨਤ ਕਰਨੀ ਪਈ। 22 ਵਾਰ ਦੇ ਗਰੈਂਡ ਸਲੈਮ ਜੇਤੂ ਨਡਾਲ ਨੇ ਤਿੰਨ ਘੰਟੇ 41 ਮਿੰਟ ਤਕ ਚੱਲੇ ਮੁਕਾਬਲੇ ‘ਚ ਡ੍ਰੈਪਰ ਨੂੰ 7-5, 2-6, 6-4, 6-1 ਨਾਲ ਹਰਾ ਕੇ ਦੂਜੇ ਗੇੜ ‘ਚ ਥਾਂ ਬਣਾਈ ਸੀ। ਇਹ ਇਸ ਸਾਲ ਨਡਾਲ ਦੀ ਪਹਿਲੀ ਜਿੱਤ ਸੀ। ਪੂਰੇ ਮੈਚ ਦੌਰਾਨ ਨਡਾਲ ਆਪਣੀ ਪੂਰੀ ਲੈਅ ‘ਚ ਨਜ਼ਰ ਨਹੀਂ ਆਏ ਤੇ ਸੰਘਰਸ਼ ਕਰਦੇ ਦਿਖੇ। ਨਡਾਲ ਤੇ ਡ੍ਰੈਪਰ ਵਿਚਾਲੇ ਮੁਕਾਬਲਾ ਪਹਿਲੇ ਸੈੱਟ ਤੋਂ ਹੀ ਬਰਾਬਰੀ ਦਾ ਰਿਹਾ। ਨਡਾਲ ਨੇ ਜਿੱਥੇ ਪਹਿਲੀ ਗੇਮ ਜਿੱਤ ਕੇ ਬੜ੍ਹਤ ਬਣਾਈ ਉਥੇ 21 ਸਾਲਾ ਡ੍ਰੈਪਰ ਨੇ ਅਗਲੀ ਗੇਮ ਆਪਣੇ ਨਾਂ ਕਰ ਕੇ ਬਰਾਬਰੀ ਹਾਸਲ ਕਰ ਲਈ। ਪਹਿਲੇ ਸੈੱਟ ‘ਚ ਨਡਾਲ ਜਿਵੇਂ ਹੀ ਬੜ੍ਹਤ ਬਣਾਉਂਦੇ ਉਵੇਂ ਹੀ ਡ੍ਰੈਪਰ ਅਗਲੀ ਗੇਮ ਜਿੱਤ ਕੇ ਸਕੋਰ ਬਰਾਬਰ ਕਰ ਦਿੰਦੇ। ਹਾਲਾਂਕਿ ਨਡਾਲ ਨੇ ਇਸ ਚੁਣੌਤੀਪੂਰਨ ਸੈੱਟ ਨੂੰ ਆਪਣੇ ਨਾਂ ਕਰ ਲਿਆ। ਦੂਜੇ ਸੈੱਟ ‘ਚ ਡ੍ਰੈਪਰ ਪੂਰੀ ਤਰ੍ਹਾਂ ਸਪੈਨਿਸ਼ ਖਿਡਾਰੀ ‘ਤੇ ਹਾਵੀ ਰਹੇ ਤੇ ਉਨ੍ਹਾਂ ਨੇ ਜਲਦ ਹੀ ਨਡਾਲ ‘ਤੇ 4-0 ਦੀ ਬੜ੍ਹਤ ਲੈ ਲਈ। ਨਡਾਲ ਜਦ ਤੱਕ ਕੁਝ ਸੰਭਲ ਸਕਦੇ ਤਦ ਤੱਕ ਬ੍ਰਿਟੇਨ ਦੇ ਇਸ ਨੌਜਵਾਨ ਖਿਡਾਰੀ ਨੇ ਦੂਜਾ ਸੈੱਟ ਆਪਣੇ ਨਾਂ ਕਰ ਲਿਆ। ਤੀਜੇ ਸੈੱਟ ‘ਚ ਨਡਾਲ ਨੇ 4-1 ਦੀ ਬੜ੍ਹਤ ਬਣਾਈ ਪਰ ਡ੍ਰੈਪਰ ਨੇ ਵਾਪਸੀ ਕਰਦੇ ਹੋਏ ਸਕੋਰ 4-4 ਕਰ ਦਿੱਤਾ। ਹਾਲਾਂਕਿ ਨਡਾਲ ਨੇ ਅਗਲੀਆਂ ਦੋ ਗੇਮਾਂ ਆਪਣੇ ਨਾਂ ਕਰ ਕੇ ਇਸ ਸੈੱਟ ਨੂੰ ਜਿੱਤਿਆ। ਚੌਥੇ ਸੈੱਟ ਦਾ ਪਹਿਲਾ ਗੇਮ ਡ੍ਰੈਪਰ ਨੇ ਜਿੱਤਿਆ ਪਰ ਨਡਾਲ ਨੇ ਪੂਰੀ ਸਮਰੱਥਾ ਨਾਲ ਵਾਪਸੀ ਕੀਤੀ ਤੇ ਅਗਲੀਆਂ ਸਾਰੀਆਂ ਗੇਮਾਂ ਆਪਣੇ ਨਾਂ ਕਰ ਕੇ ਇਕਤਰਫ਼ਾ ਅੰਦਾਜ਼ ‘ਚ ਚੌਥਾ ਸੈੱਟ ਜਿੱਤ ਕੇ ਦੂਜੇ ਗੇੜ ‘ਚ ਪ੍ਰਵੇਸ਼ ਕੀਤਾ। ਮਹਿਲਾਵਾਂ ‘ਚ ਵਿਸ਼ਵ ਦੀ ਨੰਬਰ ਇਕ ਖਿਡਾਰਨ ਪੋਲੈਂਡ ਦੀ ਇਗਾ ਸਵੀਆਟੇਕ ਨੇ ਜਰਮਨੀ ਦੀ ਜੁਲੇ ਨੀਏਮੀਏਰ ਨੂੰ 6-4, 7-5 ਨਾਲ, ਤੀਜਾ ਦਰਜਾ ਹਾਸਲ ਅਮਰੀਕਾ ਦੀ ਜੇਸਿਕਾ ਪੇਗੁਲਾ ਨੇ ਰੋਮਾਨੀਆ ਦੀ ਜੈਕਲੀਨ ਕ੍ਰਿਸਟੀਨ ਨੂੰ 6-0, 6-1 ਨਾਲ, ਸੱਤਵਾਂ ਦਰਜਾ ਅਮਰੀਕਾ ਦੀ ਕੋਕੋ ਗਾਫ ਨੇ ਕੈਟਰੀਨ ਸਿਨੀਆਕੋਵਾ ਨੂੰ 6-1, 6-4 ਨਾਲ, ਮਾਰੀਆ ਸਕਾਰੀ ਨੇ ਯੂਈ ਯੁਆਨ ਨੂੰ 6-1, 6-4 ਨਾਲ ਤੇ ਬ੍ਰਿਟੇਨ ਦੀ ਏਮਾ ਰਾਡੂਕਾਨੂ ਨੇ ਤਮਾਰਾ ਕੋਰਪਾਤਚ ਨੂੰ 6-3, 6-2 ਨਾਲ ਹਰਾ ਕੇ ਅਗਲੇ ਗੇੜ ‘ਚ ਪ੍ਰਵੇਸ਼ ਕੀਤਾ।