ਆਸਟਰੇਲੀਆ ਨੇ ਆਪਣੇ ਬੈਂਕ ਨੋਟਾਂ ਤੋਂ ਬ੍ਰਿਟਿਸ਼ ਰਾਜਸ਼ਾਹੀ ਨੂੰ ਹਟਾਉਣ ਦਾ ਫ਼ੈਸਲਾ ਲਿਆ ਹੈ ਜਿਸ ਤਹਿਤ ਮਹਾਰਾਣੀ ਐਲਿਜ਼ਾਬੈੱਥ ਦੀ ਤਸਵੀਰ ਹੁਣ ਉਥੋਂ ਦੇ ਕਰੰਸੀ ਨੋਟਾਂ ‘ਤੇ ਨਜ਼ਰ ਨਹੀਂ ਆਵੇਗੀ। ਦੇਸ਼ ਦੇ ਕੇਂਦਰੀ ਬੈਂਕ ਨੇ ਵੀਰਵਾਰ ਨੂੰ ਕਿਹਾ ਕਿ ਉਸ ਦੇ ਨਵੇਂ 5 ਡਾਲਰ ਦੇ ਨੋਟ ‘ਚ ਰਾਜਾ ਚਾਰਲਸ ਦੀ ਤਸਵੀਰ ਦੀ ਬਜਾਏ ਇਕ ਸਵਦੇਸ਼ੀ ਡਿਜ਼ਾਈਨ ਹੋਵੇਗਾ। ਪਰ ਸਿੱਕਿਆਂ ‘ਤੇ ਅਜੇ ਵੀ ਬਾਦਸ਼ਾਹ ਦਾ ਚਿਹਰਾ ਦਿਖਾਈ ਦੇਣ ਦੀ ਉਮੀਦ ਹੈ। 5 ਡਾਲਰ ਦਾ ਨੋਟ ਆਸਟਰੇਲੀਆ ਦਾ ਇਕਲੌਤਾ ਬਚਿਆ ਹੋਇਆ ਬੈਂਕ ਨੋਟ ਸੀ ਜਿਸ ‘ਚ ਅਜੇ ਵੀ ਬਾਦਸ਼ਾਹ ਦੀ ਤਸਵੀਰ ਹੈ। ਬੈਂਕ ਨੇ ਕਿਹਾ ਕਿ ਇਹ ਫ਼ੈਸਲਾ ਸਰਕਾਰ ਨਾਲ ਸਲਾਹ ਮਸ਼ਵਰੇ ਤੋਂ ਬਾਅਦ ਲਿਆ ਗਿਆ ਹੈ ਜਿਸ ਨੇ ਬਦਲਾਅ ਦਾ ਸਮਰਥਨ ਕੀਤਾ ਹੈ। ਆਸਟਰੇਲੀਆ ਦੇ ਰਿਜ਼ਰਵ ਬੈਂਕ ਨੇ ਕਿਹਾ ਕਿ ਨਵੇਂ 5 ਡਾਲਰ ਦੇ ਨੋਟ ‘ਚ ਮਹਾਰਾਣੀ ਐਲਿਜ਼ਾਬੈਥ ਦੋਇਮ ਦੀ ਤਸਵੀਰ ਨੂੰ ਬਦਲਣ ਲਈ ਇਕ ਡਿਜ਼ਾਈਨ ਪੇਸ਼ ਕੀਤਾ ਜਾਵੇਗਾ ਜਿਸਦੀ ਪਿਛਲੇ ਸਾਲ ਮੌਤ ਹੋ ਗਈ ਸੀ। ਬੈਂਕ ਨੇ ਕਿਹਾ ਕਿ ਇਸ ਦੀ ਬਜਾਏ ਆਸਟਰੇਲੀਆ ਆਪਣੇ ਸਵਦੇਸ਼ੀ ਸੱਭਿਆਚਾਰ ਦੇ ਇਤਿਹਾਸ ਨੂੰ ਦਰਸਾਏਗਾ। ਉੱਧਰ ਵਿਰੋਧੀਆਂ ਦਾ ਕਹਿਣਾ ਹੈ ਕਿ ਇਹ ਕਦਮ ਰਾਜਨੀਤੀ ਤੋਂ ਪ੍ਰੇਰਿਤ ਹੈ। ਬਹੁਤ ਸਾਰੀਆਂ ਸਾਬਕਾ ਬ੍ਰਿਟਿਸ਼ ਕਲੋਨੀਆਂ ਵਾਂਗ ਆਸਟਰੇਲੀਆ ਇਸ ਬਾਰੇ ਬਹਿਸ ਕਰ ਰਿਹਾ ਹੈ ਕਿ ਉਸ ਨੂੰ ਬ੍ਰਿਟੇਨ ਨਾਲ ਆਪਣੇ ਸੰਵਿਧਾਨਕ ਸਬੰਧਾਂ ਨੂੰ ਕਿਸ ਹੱਦ ਤੱਕ ਬਰਕਰਾਰ ਰੱਖਣਾ ਚਾਹੀਦਾ ਹੈ। ਖਜ਼ਾਨਾ ਮੰਤਰੀ ਜਿਮ ਚੈਲਮਰਸ ਨੇ ਕਿਹਾ ਕਿ ਇਹ ਤਬਦੀਲੀ ਇਕ ਵਧੀਆ ਸੰਤੁਲਨ ਬਣਾਉਣ ਦਾ ਇਕ ਮੌਕਾ ਸੀ। ਵਿਰੋਧੀ ਧਿਰ ਦੇ ਨੇਤਾ ਪੀਟਰ ਡੱਟਨ ਨੇ ਇਸ ਕਦਮ ਦੀ ਤੁਲਨਾ ਰਾਸ਼ਟਰੀ ਦਿਵਸ, ਆਸਟਰੇਲੀਆ ਦਿਵਸ ਦੀ ਮਿਤੀ ਨੂੰ ਬਦਲਣ ਨਾਲ ਕੀਤੀ। ਡੱਟਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਬਾਦਸ਼ਾਹ ਦੇ ਨੋਟ ‘ਤੇ ਦਿਖਾਈ ਨਾ ਦੇਣ ਦੇ ਫ਼ੈਸਲੇ ਦਾ ਕੇਂਦਰ ਸੀ। ਨਵਾਂ ਨੋਟ ਜਨਤਕ ਹੋਣ ‘ਚ ਕਈ ਸਾਲ ਲੱਗ ਜਾਣਗੇ।