ਆਸਟਰੇਲੀਅਨ ਕ੍ਰਿਕਟ ਟੀਮ ਦੇ ਕਪਤਾਨ ਪੈਟ ਦੀ ਮਾਂ ਮਾਰੀਆ ਕਮਿੰਸ ਦਾ ਸਿਡਨੀ ‘ਚ ਦਿਹਾਂਤ ਹੋ ਗਿਆ। ਇੰਡੀਆ ਖ਼ਿਲਾਫ਼ ਚੌਥੇ ਅਤੇ ਆਖਰੀ ਕ੍ਰਿਕਟ ਟੈਸਟ ਦੇ ਦੂਜੇ ਦਿਨ ਕਪਤਾਨ ਪੈਟ ਕਮਿੰਸ ਦੀ ਮਾਂ ਮਾਰੀਆ ਨੂੰ ਸ਼ਰਧਾਂਜਲੀ ਦੇਣ ਲਈ ਬਾਂਹ ‘ਤੇ ਕਾਲੀ ਪੱਟੀ ਬੰਨ੍ਹ ਕੇ ਖੇਡੇ। ਮਾਰੀਆ ਨੂੰ 2005 ‘ਚ ਛਾਤੀ ਦੇ ਕੈਂਸਰ ਦਾ ਪਤਾ ਲੱਗਾ ਸੀ। ਉਹ ਪਿਛਲੇ ਕੁਝ ਹਫ਼ਤਿਆਂ ਤੋਂ ਇਸ ਬੀਮਾਰੀ ਨਾਲ ਜੂਝ ਰਹੀ ਸੀ, ਜੋ ਕੁਝ ਸਮਾਂ ਪਹਿਲਾਂ ਦੁਬਾਰਾ ਉਭਰ ਆਈ। ਉਨ੍ਹਾਂ ਦਾ ਵੀਰਵਾਰ ਰਾਤ ਨੂੰ ਆਪਣੀ ਰਿਹਾਇਸ਼ ‘ਤੇ ਦਿਹਾਂਤ ਹੋ ਗਿਆ। ਆਸਟਰੇਲੀਅਨ ਖਿਡਾਰੀਆਂ ਨੂੰ ਇਥੇ ਆਖਰੀ ਟੈਸਟ ਦੇ ਦੂਜੇ ਦਿਨ ਦੀ ਖੇਡ ਸ਼ੁਰੂ ਹੋਣ ਤੋਂ ਪਹਿਲਾਂ ਆਪਣੇ ਕੋਚ ਐਂਡਰਿਊ ਮੈਕਡੋਨਲਡ ਤੋਂ ਇਹ ਦੁਖ਼ਦ ਖ਼ਬਰ ਮਿਲੀ। ਕ੍ਰਿਕਟ ਆਸਟਰੇਲੀਆ ਨੇ ਸ਼ੁੱਕਰਵਾਰ ਨੂੰ ਬਿਆਨ ‘ਚ ਕਿਹਾ ਕਿ ਉਹ ਮਾਰੀਆ ਕਮਿੰਸ ਦੇ ਦਿਹਾਂਤ ਤੋਂ ਬਹੁਤ ਦੁਖੀ ਹਨ। ਬਿਆਨ ‘ਚ ਕਿਹਾ ਗਿਆ ਹੈ ਕਿ ਆਸਟਰੇਲੀਆ ਦੀ ਪੁਰਸ਼ ਟੀਮ ਸਨਮਾਨ ਦੇ ਤੌਰ ‘ਤੇ ਅੱਜ ਬਾਂਹ ‘ਤੇ ਕਾਲੀ ਪੱਟੀ ਬੰਨ੍ਹ ਕੇ ਖੇਡੀ। ਭਾਰਤ ਦੇ ਚਾਰ ਟੈਸਟ ਦੇ ਮੌਜੂਦਾ ਦੌਰੇ ‘ਤੇ ਸ਼ੁਰੂਆਤੀ ਦੋ ਟੈਸਟ ‘ਚ ਆਸਟਰੇਲੀਆ ਦੀ ਅਗਵਾਈ ਕਰਨ ਵਾਲੇ ਕਮਿੰਸ ਆਪਣੀ ਮਾਂ ਦੀ ਸਿਹਤ ਖ਼ਰਾਬ ਹੋਣ ਕਾਰਨ ਸਿਡਨੀ ਪਰਤ ਗਏ ਸਨ। ਉਨ੍ਹਾਂ ਦੀ ਗੈਰ-ਮੌਜੂਦਗੀ ‘ਚ ਸਟੀਵ ਸਮਿਥ ਨੇ ਇੰਦੌਰ ਟੈਸਟ ‘ਚ ਆਸਟਰੇਲੀਆ ਦੀ ਕਪਤਾਨੀ ਕੀਤੀ ਅਤੇ ਮਹਿਮਾਨ ਟੀਮ ਨੇ ਇਹ ਟੈਸਟ 9 ਵਿਕਟਾਂ ਨਾਲ ਜਿੱਤਿਆ।