ਹਜ਼ਾਰਾਂ ਕਰੋੜ ਦੇ ਟੈਂਡਰ ਘਪਲੇ ‘ਚ ਪਿਛਲੇ ਕਈ ਮਹੀਨੇ ਤੋਂ ਪਟਿਆਲਾ ਜੇਲ੍ਹ ‘ਚ ਬੰਦ ਪੰਜਾਬ ਦੇ ਸਾਬਕਾ ਮੰਤਰੀ ਅਤੇ ਪੰਜਾਬ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਭਾਰਤ ਭੂਸ਼ਣ ਆਸ਼ੂ ਦੇ ਕੇਸ ਨਾਲ ਜੁੜੀ ਇਕ ਪਟੀਸ਼ਨ ‘ਤੇ ਹਾਈ ਕੋਰਟ ਦੇ ਇਕ ਜਸਟਿਸ ਨੇ ਸੁਣਵਾਈ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਆਸ਼ੂ ਖ਼ਿਲਾਫ਼ ਵਿਜੀਲੈਂਸ ਬਿਊਰੋ ਨੇ ਐੱਫ.ਆਈ.ਆਰ. ਦਰਜ ਕੀਤੀ ਸੀ ਅਤੇ ਬਾਅਦ ‘ਚ ਨਵਾਂ ਸ਼ਹਿਰ ਅਤੇ ਫਿਰੋਜ਼ਪੁਰ ਸਮੇਤ ਕੁਝ ਹੋਰ ਥਾਵਾਂ ‘ਤੇ ਹੀ ਟੈਂਡਰ ਘਪਲੇ ਦੇ ਮਾਮਲੇ ਸਾਹਮਣੇ ਆਉਣ ‘ਤੇ ਇਨ੍ਹਾਂ ‘ਚ ਵੀ ਆਸ਼ੂ ਨੂੰ ਨਾਮਜ਼ਦ ਕਰ ਲਿਆ ਗਿਆ ਸੀ। ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਸਮੇਂ ਆਸ਼ੂ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਸਨ ਅਤੇ ਜਦੋਂ ਕੈਪਟਨ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਕਾਂਗਰਸ ਨੇ ਲਾਹਿਆ ਤਾਂ ਚਰਨਜੀਤ ਸਿੰਘ ਚੰਨੀ ਦੇ ਮੁੱਖ ਮੰਤਰੀ ਬਣਨ ‘ਤੇ ਵੀ ਆਸ਼ੂ ਇਸੇ ਮਹਿਕਮੇ ਦੇ ਮੰਤਰੀ ਬਣੇ ਰਹੇ। ਆਸ਼ੂ ਖ਼ਿਲਾਫ਼ ਹਜ਼ਾਰਾਂ ਕਰੋੜ ਦੇ ਟੈਂਡਰ ਘਪਲੇ ਸਬੰਧੀ ਵਿਜੀਲੈਂਸ ਵੱਲੋਂ ਦਰਜ ਐੱਫ.ਆਈ.ਆਰ. ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਜਸਟਿਸ ਰਾਜਮੋਹਨ ਸਿੰਘ ਨੇ ਰੱਦ ਕਰਨ ਦੀ ਪਟੀਸ਼ਨ ‘ਤੇ ਸੁਣਵਾਈ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਹੁਣ ਉਕਤ ਪਟੀਸ਼ਨ ਦੁਬਾਰਾ ਚੀਫ਼ ਜਸਟਿਸ ਕੋਲ ਭੇਜੀ ਜਾਵੇਗੀ ਜਿੱਥੋਂ ਇਸ ਨੂੰ ਮੁੜ ਸੁਣਵਾਈ ਲਈ ਕਿਸੇ ਹੋਰ ਅਦਾਲਤ ‘ਚ ਭੇਜਿਆ ਜਾਵੇਗਾ। ਉਸ ਤੋਂ ਬਾਅਦ ਹੀ ਇਸ ਸਬੰਧੀ ਕੋਈ ਫ਼ੈਸਲਾ ਹੋ ਸਕੇਗਾ।