ਹਿੰਦੀ ਫ਼ਿਲਮਾਂ ਦੀ ਆਪਣੇ ਸਮੇਂ ਦੀ ਪ੍ਰਸਿੱਧ ਅਦਾਕਾਰਾ ਆਸ਼ਾ ਪਾਰਿਖ ਨੂੰ ਭਾਰਤੀ ਸਿਨੇਮਾ ਦੇ ਸਭ ਤੋਂ ਵੱਡੇ ਪੁਰਸਕਾਰ ਸਾਲ 2020 ਦੇ ਦਾਦਾ ਸਾਹਿਬ ਫਾਲਕੇ ਐਵਾਰਡ ਨਾਲ ਸਨਮਾਨਿਤ ਕੀਤਾ ਜਾਵੇਗ। ਇਸ ਸਮੇਂ 79 ਸਾਲਾਂ ਦੀ ਇਸ ਅਦਾਕਾਰਾ ਨੂੰ ਇਹ ਐਵਾਰਡ 68ਵੇਂ ਨੈਸ਼ਨਲ ਫ਼ਿਲਮ ਪੁਰਸਕਾਰ ਸਮਾਗਮ ਦੌਰਾਨ 30 ਸਤੰਬਰ ਨੂੰ ਪ੍ਰਦਾਨ ਕੀਤਾ ਜਾਵੇਗਾ। ਕੇਂਦਰੀ ਸੂਚਨਾ ਤੇ ਪ੍ਰਸਾਰਨ ਮੰਤਰੀ ਅਨੁਰਾਗ ਠਾਕੁਰ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਆਸ਼ਾ ਭੌਂਸਲੇ, ਹੇਮਾ ਮਾਲਿਨੀ, ਪੂਨਮ ਢਿੱਲੋਂ, ਉਦਿਤ ਨਾਰਾਇਣ ਤੇ ਟੀ.ਐੱਸ. ਨਾਗਭਰਨ ਦੀ ਪੰਜ ਮੈਂਬਰੀ ਦਾਦਾ ਸਾਹਿਬ ਫਾਲਕੇ ਪੁਰਸਕਾਰ ਕਮੇਟੀ ਨੇ ਸਨਮਾਨ ਲਈ ਆਸ਼ਾ ਪਾਰਿਖ ਦਾ ਨਾਂ ਚੁਣਿਆ ਹੈ। ਆਸ਼ਾ ਪਾਰਿਖ ਨੇ ਪੰਜ ਦਹਾਕੇ ਤੱਕ ਫੈਲੇ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ 10 ਸਾਲ ਦੀ ਉਮਰ ‘ਚ ਕੀਤੀ ਸੀ। ਉਨ੍ਹਾਂ 1952 ‘ਚ ਆਈ ਫਿਲਮ ‘ਆਸਮਾਨ’ ਤੋਂ ਇਕ ਬਾਲ ਕਲਾਕਾਰ ਵਜੋਂ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਅਤੇ ਉਹ ਦੋ ਸਾਲ ਮਗਰੋਂ ਬਿਮਲ ਰੌਇ ਦੀ ‘ਬਾਪ ਬੇਟੀ’ ਨਾਲ ਚਰਚਾ ‘ਚ ਆਈ। ਪਾਰਿਖ ਨੇ 1959 ਆਈ ਨਾਸਿਰ ਹੁਸੈਨ ਦੀ ਫਿਲਮ ‘ਦਿਲ ਦੇ ਕੇ ਦੇਖੋ’ ਵਿੱਚ ਸ਼ੰਮੀ ਕਪੂਰ ਨਾਲ ਮੁੱਖ ਕਿਰਦਾਰ ਨਿਭਾਇਆ। ‘ਦਿਲ ਦੇ ਕੇ ਦੇਖੋ’, ‘ਕਟੀ ਪਤੰਗ’, ‘ਤੀਸਰੀ ਮੰਜ਼ਿਲ’ ਅਤੇ ‘ਕਾਰਵਾਂ’ ਵਰਗੀਆਂ ਫਿਲਮਾਂ ਲਈ ਮਸ਼ਹੂਰ ਆਸ਼ਾ ਪਾਰਿਖ ਨੇ 1990 ਦੇ ਦਹਾਕੇ ਦੇ ਨਿਰਦੇਸ਼ਕ ਤੇ ਨਿਰਮਾਤਾ ਵਜੋਂ ਟੀ.ਵੀ. ਸੀਰੀਅਲ ‘ਕੋਰਾ ਕਾਗਜ਼’ ਦਾ ਨਿਰਮਾਣ ਕੀਤਾ ਜਿਸ ਨੂੰ ਕਾਫੀ ਸਰਾਹਿਆ ਗਿਆ। ਪਾਰੇਖ 1998-2001 ਤੱਕ ਕੇਂਦਰੀ ਫਿਲਮ ਸਰਟੀਫਿਕੇਸ਼ਨ ਬੋਰਡ ਦੀ ਪਹਿਲੀ ਮਹਿਲਾ ਪ੍ਰਧਾਨ ਵੀ ਰਹੀ। ਸਾਲ 2017 ‘ਚ ਉਨ੍ਹਾਂ ਆਪਣੀ ਸਵੈਜੀਵਨੀ ‘ਦਿ ਹਿੱਟ ਗਰਲ’ ਪੇਸ਼ ਕੀਤੀ। ਉਨ੍ਹਾਂ ਅਦਾਕਾਰ ਧਰਮਿੰਦਰ ਨਾਲ ਵੀ ਕਈ ਹਿੱਟ ਫ਼ਿਲਮਾਂ ਕੀਤੀਆਂ ਜਿਨ੍ਹਾ ਵਿੱਚ ‘ਮੇਰਾ ਗਾਂਓ ਮੇਰਾ ਦੇਸ਼’ ਦਾ ਨਾਂ ਜ਼ਿਕਰਯੋਗ ਹੈ।