ਇੰਡੀਆ ਵਿਰੁੱਧ 5 ਮੈਚਾਂ ਦੀ ਟੀ-20 ਸੀਰੀਜ਼ ‘ਚ ਆਪਣੀ ਟੀਮ ਨੂੰ 4-1 ਨਾਲ ਜਿੱਤ ਦਿਵਾਉਣ ਵਾਲੀ ਆਸਟਰੇਲੀਆ ਦੀ ਐਸ਼ਲੇ ਗਾਰਡਨਰ ਆਈ.ਸੀ.ਸੀ. ਮਹਿਲਾ ਟੀ-20 ਪਲੇਅਰ ਰੈਂਕਿੰਗ ‘ਚ ਆਲਰਾਊਂਡ ਪ੍ਰਦਰਸ਼ਨ ਲਈ ਪਹਿਲੇ ਸਥਾਨ ‘ਤੇ ਪਹੁੰਚ ਗਈ ਹੈ। ਗਾਰਡਨਰ ਨੇ ਇੰਡੀਆ ਵਿਰੁੱਧ ਆਖ਼ਰੀ ਟੀ-20 ਮੈਚ ‘ਚ ਆਪਣੀ ਟੀਮ ਲਈ ਸਿਰਫ਼ 32 ਗੇਂਦਾਂ ‘ਤੇ ਅਜੇਤੂ 66 ਦੌੜਾਂ ਜੋੜੀਆਂ ਸਨ ਜਦਕਿ 20 ਦੌੜਾਂ ਦੇ ਕੇ 2 ਵਿਕਟਾਂ ਵੀ ਲਈਆਂ ਸਨ। ਇਸ ਦੇ ਨਾਲ ਹੀ ਗਾਰਡਨਰ 3 ਸਥਾਨ ਉੱਪਰ ਚੜ੍ਹ ਕੇ ਪਹਿਲੀ ਵਾਰ ਦੁਨੀਆ ਦੀ ਸਰਵਸ੍ਰੇਸ਼ਠ ਆਲਰਾਊਂਡਰ ਬਣ ਗਈ। ਇਸ ਉਪਲੱਬਧੀ ਦੇ ਨਾਲ ਉਸ ਨੇ ਵੈਸਟਇੰਡੀਜ਼ ਦੀ ਕਪਤਾਨ ਹੈਲੇ ਮੈਥਿਊਜ਼, ਭਾਰਤ ਦੀ ਦੀਪਤੀ ਸ਼ਰਮਾ ਤੇ ਨਿਊਜ਼ੀਲੈਂਡ ਦੀ ਕਪਤਾਨ ਸੋਫੀ ਡਿਵਾਈਨ ਨੂੰ ਪਿੱਛੇ ਛੱਡ ਦਿੱਤਾ। ਆਸਟਰੇਲੀਆ ਵਿਰੁੱਧ ਦੀਪਤੀ ਸ਼ਰਮਾ 34 ਗੇਂਦਾਂ ‘ਤੇ 53 ਦੌੜਾਂ ਦੀ ਪਾਰੀ ਖੇਡ ਕੇ ਬੱਲੇਬਾਜ਼ੀ ਰੈਂਕਿੰਗ ‘ਚ ਤਿੰਨ ਸਥਾਨ ਉੱਪਰ ਚੜ੍ਹ ਕੇ 29ਵੇਂ ਸਥਾਨ ‘ਤੇ ਪਹੁੰਚ ਗਈ ਹੈ। ਉਥੇ ਹੀ ਇੰਗਲੈਂਡ ਦੀ ਨੈਟ ਸਾਈਵਰ ਤੇ ਭਾਰਤ ਦੀ ਰਿਚਾ ਘੋਸ਼ ਇਕ-ਇਕ ਸਥਾਨ ਉਪਰ ਚੜ੍ਹ ਕੇ ਕ੍ਰਮਵਾਰ 15ਵੇਂ ਤੇ 39ਵੇਂ ਸਥਾਨ ‘ਤੇ ਪਹੁੰਚ ਗਈਆਂ ਹਨ। ਗੇਂਦਬਾਜ਼ੀ ਰੈਂਕਿੰਗ ‘ਚ ਇੰਗਲੈਂਡ ਦੀ ਤੇਜ਼ ਗੇਂਦਬਾਜ਼ ਫ੍ਰੇਯਾ ਡੇਵਿਸ 23 ਸਥਾਨਾਂ ਦੀ ਛਲਾਂਗ ਲਾ ਕੇ 26ਵੇਂ ਸਥਾਨ ‘ਤੇ ਪਹੁੰਚ ਗਈ ਹੈ।