ਟੀਮ ਇੰਡੀਆ ਦੇ ਆਲਰਾਊਂਡਰ ਹਾਰਦਿਕ ਪਾਂਡਿਆ ਨੇ ਪਤਨੀ ਨਤਾਸ਼ਾ ਸਟੈਨਕੋਵਿਕ ਦੇ ਨਾਲ ਵੈਲੇਨਟਾਈਨ ਡੇਅ ਮੌਕੇ ਦੁਬਾਰਾ ਵਿਆਹ ਕਰਵਾਇਆ ਹੈ। ਉਦੈਪੁਰ ‘ਚ ਹਾਰਦਿਕ ਨੇ ਨਤਾਸ਼ਾ ਦੇ ਨਾਲ ਕ੍ਰਿਸ਼ਚੀਅਨ ਧਰਮ ਦੀਆਂ ਰਸਮਾਂ ਨਿਭਾਉਂਦਿਆਂ ਵਿਆਹ ਕਰਵਾਇਆ। ਇਸ ਦੌਰਾਨ ਦੋਵਾਂ ਪਰਿਵਾਰਾਂ ਦੇ ਚੋਣਵੇਂ ਮੈਂਬਰ ਵਿਆਹ ਸਮਾਗਮ ‘ਚ ਪਹੁੰਚੇ। ਹਾਰਦਿਕ ਨੇ ਸੋਸ਼ਲ ਮੀਡੀਆ ‘ਤੇ ਕੁਝ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਹਨ ਜਿਸ ਨਾਲ ਉਨ੍ਹਾਂ ਨੇ ਲਿਖਿਆ, ‘ਅਸੀਂ ਤਿੰਨ ਸਾਲ ਪਹਿਲਾਂ ਚੁੱਕੀਆਂ ਕਸਮਾਂ ਨੂੰ ਮੁੜ ਦੋਹਰਾ ਕੇ ਪਿਆਰ ਦੇ ਇਸ ਦਵੀਪ ‘ਤੇ ਵੈਲੇਂਟਾਈਨ ਡੇਅ ਮਨਾਇਆ। ਅਸੀਂ ਖੁਸ਼ਕਿਸਮਤ ਹਾਂ ਕੇ ਸਾਡੇ ਪਿਆਰ ਦਾ ਜਸ਼ਨ ਮਨਾਉਣ ਲਈ ਸਾਡਾ ਪਰਿਵਾਰ ਤੇ ਦੋਸਤ ਸਾਡੇ ਨਾਲ ਹਨ।’ ਨਤਾਸ਼ਾ ਸਟੈਨਕੋਵਿਕ ਮੂਲ ਰੂਪ ‘ਚ ਸਰਬੀਆ ਦੀ ਹੈ ਅਤੇ ਉਹ ਇਕ ਮਾਡਲ ਅਤੇ ਡਾਂਸਰ ਹੈ। ਨਤਾਸ਼ਾ ਕਈ ਬਾਲੀਵੁੱਡ ਫ਼ਿਲਮਾਂ ‘ਚ ਕੰਮ ਕਰ ਚੁੱਕੀ ਹੈ। ਨਤਾਸ਼ਾ ਨੂੰ ਪ੍ਰਕਾਸ਼ ਝਾਅ ਦੀ ਫ਼ਿਲਮ ਦੇ ਇਕ ਗਾਣੇ ‘ਹਮਾਰੀ ਅਟਰੀਆ’ ਤੋਂ ਪਛਾਣ ਮਿਲੀ ਸੀ। ਇਸ ਤੋਂ ਬਾਅਦ ਉਹ ਰਿਐਲਿਟੀ ਸ਼ੋਅ ਬਿਗ ਬਾੱਸ ‘ਚ ਨਜ਼ਰ ਆਈ ਸੀ, ਪਰ ਉਹ ਰੈਪਰ ਬਾਦਸ਼ਾਹ ਦੇ ਗਾਣੇ ‘ਡੀਜੇ ਵਾਲੇ ਬਾਬੂ’ ਤੋਂ ਬਾਅਦ ਰਾਤੋ-ਰਾਤ ਮਸ਼ਹੂਰ ਹੋ ਗਈ। ਇਸ ਤੋਂ ਬਾਅਦ ਨਤਾਸ਼ਾ ਨੇ ਕਈ ਮਸ਼ਹੂਰ ਫ਼ਿਲਮਾਂ ‘ਚ ਆਈਟਮ ਸਾਂਗ ‘ਚ ਪੇਸ਼ਕਾਰੀ ਦਿੱਤੀ। ਇਕ ਇੰਟਰਵੀਊ ‘ਚ ਪਾਂਡਿਆ ਨੇ ਇਹ ਖ਼ੁਲਾਸਾ ਕੀਤਾ ਸੀ ਕਿ ਉਨ੍ਹਾਂ ਦੀ ਤੇ ਨਤਾਸ਼ਾ ਸਟਾਨਕੋਵਿਕ ਦੀ ਮੁਲਾਕਾਤ ਇਕ ਨਾਈਟ ਕਲੱਬ ‘ਚ ਹੋਈ ਸੀ। ਪਾਂਡਿਆ ਨੇ ਇਸ ਦੇ ਨਾਲ ਹੀ ਇਹ ਵੀ ਖ਼ੁਲਾਸਾ ਕੀਤਾ ਸੀ ਕਿ ਨਤਾਸ਼ਾ ਨੂੰ ਪਹਿਲੀ ਮੁਲਾਕਾਤ ‘ਚ ਇਹ ਪਤਾ ਨਹੀਂ ਸੀ ਕਿ ਉਹ ਇਕ ਕ੍ਰਿਕੇਟਰ ਹੈ। ਉਨ੍ਹਾਂ ਦੱਸਿਆ ਕਿ ਪਹਿਲੀ ਮੁਲਾਕਾਤ ਤੋਂ ਬਾਅਦ ਦੋਵਾਂ ਵਿਚਾਲੇ ਦੋਸਤੀ ਹੋਈ, ਦੋਵਾਂ ਨੇ ਇਕ ਦੂਜੇ ਨੂੰ ਡੇਟ ਕੀਤਾ ਅਤੇ ਦੋਵਾਂ ਦਾ ਪਿਆਰ ਵਿਆਹ ਦੇ ਬੰਧਨ ‘ਚ ਬੱਝ ਗਿਆ।