ਦੱਖਣੀ ਅਫ਼ਰੀਕਾ ਦੇ ਆਲਰਾਊਂਡਰ ਡਵੇਨ ਪ੍ਰੀਟੋਰੀਅਸ ਨੇ ‘ਟੀ-20 ਅਤੇ ਹੋਰ ਛੋਟੇ ਫਾਰਮੈਟਾਂ’ ਉੱਤੇ ਧਿਆਨ ਦੇਣ ਲਈ ਤੁਰੰਤ ਪ੍ਰਭਾਵ ਨਾਲ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈ ਲਿਆ ਹੈ। 2016 ‘ਚ ਡੈਬਿਊ ਕਰਨ ਤੋਂ ਬਾਅਦ 33 ਸਾਲਾ ਪ੍ਰੀਟੋਰੀਅਸ ਨੇ ਦੱਖਣੀ ਅਫਰੀਕਾ ਲਈ 30 ਟੀ-20 ਅੰਤਰਰਾਸ਼ਟਰੀ, 27 ਇਕ ਦਿਨਾ ਅੰਤਰਰਾਸ਼ਟਰੀ ਅਤੇ ਤਿੰਨ ਟੈਸਟ ਮੈਚ ਖੇਡੇ ਹਨ। 2021 ‘ਚ ਪਾਕਿਸਤਾਨ ਵਿਰੁੱਧ 17 ਦੌੜਾਂ ਦੇ ਕੇ 5 ਵਿਕਟਾਂ ਲੈ ਕੇ ਪ੍ਰੀਟੋਰੀਅਸ ਨੇ ਦੱਖਣੀ ਅਫਰੀਕਾ ਲਈ ਪੁਰਸ਼ਾਂ ਦੇ ਟੀ-20 ਅੰਤਰਰਾਸ਼ਟਰੀ ‘ਚ ਸਰਵੋਤਮ ਗੇਂਦਬਾਜ਼ੀ ਦਾ ਰਿਕਾਰਡ ਆਪਣੇ ਨਾਂ ਕੀਤਾ। ਪ੍ਰੀਟੋਰੀਅਸ ਨੇ ਕ੍ਰਿਕਟ ਦੱਖਣੀ ਅਫਰੀਕਾ ਵੱਲੋਂ ਜਾਰੀ ਇਕ ਬਿਆਨ ‘ਚ ਕਿਹਾ ਕਿ ਕੁਝ ਦਿਨ ਪਹਿਲਾਂ ਮੈਂ ਆਪਣੇ ਕ੍ਰਿਕਟ ਕਰੀਅਰ ਦੇ ਸਭ ਤੋਂ ਮੁਸ਼ਕਲ ਫੈਸਲਿਆਂ ਵਿੱਚੋਂ ਇਕ ਲਿਆ। ਮੈਂ ਅੰਤਰਰਾਸ਼ਟਰੀ ਕ੍ਰਿਕਟ ਦੇ ਸਾਰੇ ਫਾਰਮੈਟਾਂ ਤੋਂ ਸੰਨਿਆਸ ਲੈਣ ਦਾ ਫੈਸਲਾ ਕੀਤਾ ਹੈ। ਮੈਂ ਆਪਣੇ ਬਾਕੀ ਕਰੀਅਰ ‘ਚ ਆਪਣਾ ਧਿਆਨ ਟੀ-20 ਅਤੇ ਹੋਰ ਛੋਟੇ ਫਾਰਮੈਟਾਂ ‘ਤੇ ਲਗਾ ਰਿਹਾ ਹਾਂ। ਤੇਜ਼ ਗੇਂਦਬਾਜ਼ ਨੇ ਕਿਹਾ ਕਿ ਵੱਡੇ ਹੋ ਕੇ ਮੇਰੇ ਜੀਵਨ ਦਾ ਇਕੋ ਇਕ ਟੀਚਾ ਦੱਖਣੀ ਅਫਰੀਕਾ ਲਈ ਖੇਡਣਾ ਸੀ। ਮੈਨੂੰ ਨਹੀਂ ਪਤਾ ਸੀ ਕਿ ਇਹ ਕਿਵੇਂ ਹੋਵੇਗਾ ਪਰ ਪ੍ਰਮਾਤਮਾ ਨੇ ਮੈਨੂੰ ਪ੍ਰਤਿਭਾ ਅਤੇ ਸਫਲਤਾ ਹਾਸਲ ਕਰਨ ਲਈ ਇੱਛਾ ਸ਼ਕਤੀ ਦਿੱਤੀ। ਇਸ ਆਲਰਾਊਂਡਰ ਨੇ ਕਿਹਾ ਕਿ ਰਾਸ਼ਟਰੀ ਟੀਮ ਤੋਂ ਸੰਨਿਆਸ ਲੈ ਕੇ ਉਹ ਆਪਣੇ ਕਰੀਅਰ ਅਤੇ ਪਰਿਵਾਰ ਨੂੰ ਬਿਹਤਰ ਤਰੀਕੇ ਨਾਲ ਸੰਤੁਲਿਤ ਕਰ ਸਕੇਗਾ ਕਿਉਂਕਿ ਉਹ ਮੁਕਤ ਏਜੰਟ ਦੇ ਤੌਰ ‘ਤੇ ਦੁਨੀਆ ਭਰ ਦੀ ਸਰਵੋਤਮ ਟੀ-20 ਲੀਗ ‘ਚ ਖੇਡ ਸਕੇਗਾ। ਪ੍ਰੀਟੋਰੀਅਸ ਨੇ ਦੋ ਵਰਲਡ ਕੱਪ ਖੇਡੇ ਹਨ ਅਤੇ ਯੂ.ਏ.ਈ. ‘ਚ 2021 ਟੀ-20 ਵਰਲਡ ਕੱਪ ‘ਚ ਉਸ ਨੇ 9 ਵਿਕਟਾਂ ਲਈਆਂ ਸਨ। ਉਸ ਨੇ 164.15 ਦੀ ਸਟ੍ਰਾਈਕ ਰੇਟ ਨਾਲ 261 ਦੌੜਾਂ ਵੀ ਬਣਾਈਆਂ ਹਨ। ਉਹ ਫਿਲਾਹਾਲ ਇੰਡੀਅਨ ਪ੍ਰੀਮੀਅਰ ਲੀਗ ਸਮੇਤ ਕਈ ਟੀ-20 ਫਰੈਂਚਾਇਜ਼ੀ ਟੂਰਨਾਮੈਂਟਾਂ ਨਾਲ ਜੁੜਿਆ ਹੋਇਆ ਹੈ।