ਰਾਸ਼ਟਰੀ ਸਵੈਮ ਸੇਵਕ ਸੰਘ (ਆਰ.ਐੱਸ.ਐੱਸ.) ਮੁਖੀ ਮੋਹਨ ਭਾਗਵਤ ਖ਼ਿਲਾਫ਼ ਬਿਹਾਰ ਦੇ ਮੁਜ਼ੱਫਰਪੁਰ ਜ਼ਿਲ੍ਹੇ ਦੀ ਇਕ ਅਦਾਲਤ ‘ਚ ਸ਼ਿਕਾਇਤ ਦਰਜ ਕਰਵਾਈ ਗਈ ਜਿਸ ‘ਚ ਉਨ੍ਹਾਂ ਉੱਤੇ ‘ਬ੍ਰਾਹਮਣਾਂ’ ਦਾ ਕਥਿਤ ਅਪਮਾਨ ਕਰਨ ਦਾ ਦੋਸ਼ ਲਾਇਆ ਗਿਆ ਹੈ। ਵਕੀਲ ਸੁਧੀਰ ਕੁਮਾਰ ਓਝਾ ਨੇ ਮੁਜ਼ੱਫਰਪੁਰ ਦੇ ਮੁੱਖ ਨਿਆਇਕ ਜੱਜ ਦੀ ਅਦਾਲਤ ‘ਚ ਉਕਤ ਪਟੀਸ਼ਨ ਦਾਇਰ ਕੀਤੀ ਹੈ। ਪਟੀਸ਼ਨ ‘ਚ ਉਨ੍ਹਾਂ ਐਤਵਾਰ ਨੂੰ ਮੁੰਬਈ ‘ਚ ਭਾਗਵਤ ਦੇ ਸੰਬੋਧਨ ਦੀ ਮੀਡੀਆ ਰਿਪੋਰਟਾਂ ਦਾ ਹਵਾਲਾ ਦਿੱਤਾ ਜਿਥੇ ਉਹ ਮੱਧਕਾਲੀ ਗੁਰੂ ਰਵੀਦਾਸ ਜੀ ਦੀ ਜੈਯੰਤੀ ਮੌਕੇ ਆਯੋਜਿਤ ਇਕ ਸਮਾਰੋਹ ‘ਚ ਹਿੱਸਾ ਲੈ ਰਹੇ ਸਨ। ਮਰਾਠੀ ‘ਚ ਆਪਣੇ ਸੰਬੋਧਨ ਦੌਰਾਨ ਆਰ.ਐੱਸ.ਐੱਸ. ਮੁਖੀ ਨੇ ਹਿੰਦੂ ਸਮਾਜ ‘ਚ ਪੈਦਾ ਸਖਤ ਜਾਤੀ ਲੜੀ ਪੰਡਿਤਾਂ (ਪੁਰੋਹਿਤ ਵਰਗ) ਨੂੰ ਦੋਸ਼ੀ ਠਹਿਰਾਇਆ ਸੀ। ਮੀਡੀਆ ‘ਚ ਆਈਆਂ ਕੁਝ ਖਬਰਾਂ ਮੁਤਾਬਕ ਭਾਗਵਤ ਵਲੋਂ ਬ੍ਰਾਹਮਣ ਭਾਈਚਾਰੇ ਬਾਰੇ ਗੱਲ ਕੀਤੀ ਗਈ ਸੀ, ਜੋ ਪੂਜਾ-ਪਾਠ ਨਾਲ ਜੁੜੇ ਰਹੇ ਹਨ। ਬਾਅਦ ‘ਚ ਆਰ.ਐੱਸ.ਐੱਸ. ਵਲੋਂ ਜਾਰੀ ਇਕ ਬਿਆਨ ‘ਚ ਇਸ ਗੱਲ ਤੋਂ ਇਨਕਾਰ ਕੀਤਾ ਗਿਆ ਸੀ ਕਿ ਭਾਗਵਤ ਨੇ ਕਿਸੇ ਵਿਸ਼ੇਸ਼ ਜਾਤੀ ਦਾ ਜ਼ਿਕਰ ਕੀਤਾ ਸੀ। ਸੰਘ ਨੇ ਦਾਅਵਾ ਕੀਤਾ ਕਿ ਪੰਡਿਤ ਸ਼ਬਦ ਗਿਆਨੀਆਂ ਲਈ ਇਸਤੇਮਾਲ ਕੀਤਾ ਸੀ ਨਾ ਕਿ ਕਿਸੇ ਜਾਤੀ ਜਾਂ ਧਰਮ ਲਈ। ਓਝਾ ਨੇ ਆਪਣੀ ਪਟੀਸ਼ਨ ‘ਚ ਬੇਨਤੀ ਕੀਤੀ ਹੈ ਕਿ ਭਾਗਵਤ ਖ਼ਿਲਾਫ਼ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਅਤੇ ਜਨਤਕ ਸ਼ਾਂਤੀ ਭੰਗ ਕਰਨ ਨਾਲ ਸਬੰਧਤ ਆਈ.ਪੀ.ਸੀ. ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਜਾਵੇ। ਅਦਾਲਤ ਨੇ ਮਾਮਲੇ ਦੀ ਸੁਣਵਾਈ ਲਈ 20 ਫਰਵਰੀ ਦੀ ਤਾਰੀਖ਼ ਤੈਅ ਕੀਤੀ ਹੈ।