ਭਗਵੰਤ ਮਾਨ ਲੋਕ ਸਭਾ ’ਚ ਆਮ ਆਦਮੀ ਪਾਰਟੀ ਦਾ ਇਕਲੌਤਾ ਮੈਂਬਰ ਸੀ ਪਰ ਉਨ੍ਹਾਂ ਦੇ ਮੁੱਖ ਮੰਤਰੀ ਬਣਨ ਤੋਂ ਬਾਅਦ ਅਸਤੀਫਾ ਦੇਣ ਕਰਕੇ ਸੰਗਰੂਰ ਲੋਕ ਸਭਾ ਸੀਟ ਖਾਲੀ ਹੋ ਗਈ। ਇਸ ਸੀਟ ਲਈ ਪਈਆਂ ਵੋਟਾਂ ਦਾ ਨਤੀਜਾ ਕੱਲ੍ਹ ਆਇਆ ਜਿਸ ’ਚ ‘ਆਪ’ ਦੇ ਹਾਰ ਜਾਣ ਕਾਰਨ ਹੁਣ ਲੋਕ ਸਭਾ ’ਚ ਆਮ ਆਦਮੀ ਪਾਰਟੀ ਦਾ ਕੋਈ ਨੁਮਾਇੰਦਿਆਂ ਨਹੀਂ। ਭਾਵ ਲੋਕ ਸਭਾ ’ਚ ਆਮ ਆਦਮੀ ਪਾਰਟੀ ਦਾ ਖਾਤਾ ਬੰਦ ਹੋ ਗਿਆ ਹੈ। ਸੰਗਰੂਰ ਸੰਸਦੀ ਹਲਕੇ ਦੀ ਉਪ ਚੋਣ ਹਾਰਨ ਮਗਰੋਂ ਖਾਤਾ ਬੰਦ ਹੋਣ ਨਾਲ ਸੱਤਾ ’ਤੇ ਕਾਬਜ਼ ‘ਆਪ’ ਸੌ ਦਿਨ ਦੀ ਕਾਰਗੁਜ਼ਾਰੀ ਮਗਰੋਂ ਮਾਤ ਖਾ ਗਈ ਹੈ। ਸੰਗਰੂਰ ਲੋਕ ਸਭਾ ਹਲਕੇ ਤੋਂ ਸਾਲ 2014 ਦੀ ਚੋਣ ਵਿੱਚ ‘ਆਪ’ ਉਮੀਦਵਾਰ ਭਗਵੰਤ ਮਾਨ ਨੇ 2,11,721 ਵੋਟਾਂ ਦੇ ਵੱਡੇ ਫ਼ਰਕ ਨਾਲ ਜਿੱਤ ਪ੍ਰਾਪਤ ਕੀਤੀ ਸੀ। ਸਾਲ 2019 ਦੀ ਚੋਣ ਮੌਕੇ ਭਗਵੰਤ ਮਾਨ ਨੇ ਮੁਡ਼ 1,10,211 ਵੋਟਾਂ ਨਾਲ ਜਿੱਤ ਦੇ ਝੰਡੇ ਬੁਲੰਦ ਰੱਖੇ। ਫਰਵਰੀ ਮਹੀਨੇ ਹੋਈਆਂ ਪੰਜਾਬ ਵਿਧਾਨ ਸਭਾ ਚੋਣਾਂ ’ਚ ਆਮ ਆਦਮੀ ਪਾਰਟੀ 92 ਸੀਟਾਂ ਜਿੱਤ ਕੇ ਸੂਬੇ ਦੀ ਸੱਤਾ ’ਤੇ ਕਾਬਜ਼ ਹੋਈ ਅਤੇ ਭਗਵੰਤ ਮਾਨ ਮੁੱਖ ਮੰਤਰੀ ਬਣੇ ਸਨ। ਉਨ੍ਹਾਂ ਦੇ ਅਸਤੀਫਾ ਦੇਣ ਨਾਲ ਸੰਗਰੂਰ ਲੋਕ ਸਭਾ ਸੀਟ ਖਾਲੀ ਹੋਈ ਸੀ ਜਿੱਥੋਂ ਆਏ ਚੋਣ ਨਤੀਜਿਆਂ ਵਿੱਚ ‘ਆਪ’ ਉਮੀਦਵਾਰ ਦੀ ਹਾਰ ਹੋਣ ਨਾਲ ਪਾਰਟੀ ਦੀ ਲੋਕ ਸਭਾ ’ਚ ਨੁਮਾਇੰਦਗੀ ਖਤਮ ਹੋ ਗਈ ਹੈ। ਪੰਜਾਬ ਵਿਧਾਨ ਸਭਾ ਚੋਣਾਂ ’ਚ ਆਮ ਆਦਮੀ ਪਾਰਟੀ ਨੇ ਸੰਗਰੂਰ ਸੰਸਦੀ ਹਲਕੇ ’ਚ ਪੈਂਦੇ 9 ਵਿਧਾਨ ਸਭਾ ਹਲਕਿਆਂ ਸੰਗਰੂਰ, ਧੂਰੀ, ਸੁਨਾਮ, ਦਿਡ਼ਬਾ, ਲਹਿਰਾਗਾਗਾ, ਮਾਲੇਰਕੋਟਲਾ, ਮਹਿਲ ਕਲਾਂ, ਬਰਨਾਲਾ ਅਤੇ ਭਦੌਡ਼ ’ਚ ਹੂੰਝਾ ਫੇਰ ਜਿੱਤ ਪ੍ਰਾਪਤ ਕੀਤੀ ਸੀ, ਜਿਸ ਕਾਰਨ ਸੰਗਰੂਰ ਸੰਸਦੀ ਹਲਕੇ ਨੂੰ ‘ਆਪ’ ਦਾ ਗਡ਼੍ਹ ਮੰਨਿਆ ਜਾਂਦਾ ਸੀ। ਕੁਝ ਦਿਨ ਪਹਿਲਾਂ ਹੀ ਚੋਣ ਪ੍ਰਚਾਰ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਸੀ ਕਿ ਸੰਗਰੂਰ ਦੀ ਧਰਤੀ ਇਨਕਲਾਬੀ ਹੈ, ਜਿੱਥੋਂ ਦੇ ਲੋਕ ਪੂਰੇ ਦੇਸ਼ ’ਚ ਬਦਲਾਅ ਲਿਆਉਣ ਲਈ ਜਾਣੇ ਜਾਂਦੇ ਹਨ। ਇਸ ਸਾਲ ਵਿਧਾਨ ਸਭਾ ਚੋਣਾਂ ਦੌਰਾਨ ਪੰਜਾਬ ’ਚ ਜਿਹਡ਼ਾ ਇਨਕਲਾਬ ਆਇਆ ਹੈ, ਉਸ ਦੀ ਸ਼ੁਰੂਆਤ ਵੀ 2014 ’ਚ ਸੰਗਰੂਰ ਦੇ ਲੋਕਾਂ ਨੇ ਹੀ ਕੀਤੀ ਸੀ। ਹੁਣ ਮੌਜੂਦਾ ਉਪ ਚੋਣ ’ਚ ਵੀ ਸੰਗਰੂਰ ਵਾਸੀਆਂ ਨੇ ‘ਆਪ’ ਨੂੰ ਸਿਆਸੀ ਝਟਕਾ ਦਿੱਤਾ ਹੈ। ਸੰਸਦੀ ਉਪ ਚੋਣ ’ਚ ਆਮ ਆਦਮੀ ਪਾਰਟੀ ਚਾਰ ਵਿਧਾਨ ਸਭਾ ਹਲਕਿਆਂ ਤੋਂ ਚੋਣ ਹਾਰ ਗਈ ਹੈ। ਇਨ੍ਹਾਂ ਚਾਰ ਹਲਕਿਆਂ ਮਾਲੇਰਕੋਟਲਾ, ਭਦੌਡ਼, ਬਰਨਾਲਾ ਅਤੇ ਦਿਡ਼੍ਹਬਾ ਤੋਂ ਸਿਮਰਨਜੀਤ ਸਿੰਘ ਮਾਨ ਕਰੀਬ 25 ਹਜ਼ਾਰ ਦੀ ਲੀਡ ਲੈਣ ’ਚ ਸਫ਼ਲ ਰਹੇ। ‘ਆਪ’ ਸਰਕਾਰ ਦੀ 100 ਦਿਨ ਦੀ ਕਾਰਗੁਜ਼ਾਰੀ ਦੇ ਹੱਕ ’ਚ ਸੰਗਰੂਰ ਹਲਕੇ ਦੇ ਲੋਕਾਂ ਨੇ ਫ਼ਤਵਾ ਨਹੀਂ ਦਿੱਤਾ।