ਘਟਦੀ ਆਬਾਦੀ ਤੋਂ ਚੀਨ ਫ਼ਿਕਰਮੰਦ ਹੈ। ਚੀਨ ਵੱਲੋਂ ਐਲਾਨੇ ਗਏ ਆਬਾਦੀ ਦੇ ਅੰਦਾਜ਼ੇ ਮੁਤਾਬਕ ਪਿਛਲੇ ਸਾਲ ਇਸ ਦੀ ਆਬਾਦੀ 8.5 ਲੱਖ ਘੱਟ ਗਈ ਹੈ। ਚੀਨ ਦੀ ਆਬਾਦੀ ‘ਚ ਇੰਨੀ ਗਿਰਾਵਟ 1960 ਤੋਂ ਬਾਅਦ ਪਹਿਲੀ ਵਾਰ ਆਈ ਹੈ। ਦੇਸ਼ ਦੀ ਘਟਦੀ ਆਬਾਦੀ ਤੋਂ ਪ੍ਰੇਸ਼ਾਨ ਜਿਨਪਿੰਗ ਸਰਕਾਰ ਜਨਮ ਦਰ ਨੂੰ ਵਧਾਉਣ ਲਈ ਨਵੀਆਂ ਯੋਜਨਾਵਾਂ ਤਿਆਰ ਕਰ ਰਹੀ ਹੈ। ਇਸ ਤਹਿਤ ਚੀਨ ਨੇ ਨਵੇਂ ਵਿਆਹੇ ਜੋੜਿਆਂ ਲਈ ਇਕ ਸ਼ਾਨਦਾਰ ਸਕੀਮ ਦਾ ਐਲਾਨ ਕੀਤਾ ਹੈ। ਨਵੇਂ ਵਿਆਹੇ ਜੋੜਿਆਂ ਨੂੰ 30 ਦਿਨਾਂ ਦੀ ਪੇਡ ਮੈਰਿਜ ਲੀਵ ਦਿੱਤੀ ਜਾਵੇਗੀ ਤਾਂ ਜੋ ਪਤੀ-ਪਤਨੀ ਇਕ-ਦੂਜੇ ਨਾਲ ਸਮਾਂ ਬਿਤਾ ਸਕਣ ਅਤੇ ਆਬਾਦੀ ਵਧਾਉਣ ‘ਚ ਭਾਈਵਾਲ ਬਣ ਸਕਣ। ਜ਼ਿਕਰਯੋਗ ਹੈ ਕਿ ਪਹਿਲਾਂ ਚੀਨ ‘ਚ ਵਿਆਹ ਲਈ ਸਿਰਫ ਤਿੰਨ ਦਿਨ ਦੀ ਪੇਡ ਛੁੱਟੀ ਮਿਲਦੀ ਸੀ ਪਰ ਜਦੋਂ ਇਥੇ ਆਬਾਦੀ ਤੇਜ਼ੀ ਨਾਲ ਘਟਣ ਲੱਗੀ ਤਾਂ ਸਰਕਾਰ ਨੂੰ ਆਪਣੀ ਨੀਤੀ ਬਦਲਣ ਲਈ ਮਜਬੂਰ ਹੋਣਾ ਪਿਆ। ਸਕੀਮ ‘ਚ ਬਦਲਾਅ ਦਾ ਉਦੇਸ਼ ਨੌਜਵਾਨ ਜੋੜਿਆਂ ਨੂੰ ਵਿਆਹ ਕਰਨ ਅਤੇ ਬੱਚੇ ਪੈਦਾ ਕਰਨ ਲਈ ਉਤਸ਼ਾਹਤ ਕਰਨਾ ਹੈ। ਚੀਨ ਦੇ ਕੁਝ ਪ੍ਰਾਂਤ 30 ਦਿਨਾਂ ਦੀ ਵਿਆਹ ਦੀ ਛੁੱਟੀ ਦੇ ਰਹੇ ਹਨ ਜਦਕਿ ਬਾਕੀਆਂ ‘ਚ ਲਗਭਗ 10 ਦਿਨਾਂ ਦੀ ਛੁੱਟੀ ਦਾ ਪ੍ਰਬੰਧ ਹੈ। ਗਾਂਸੂ ਅਤੇ ਸ਼ਾਂਕਸੀ ਸੂਬੇ 30 ਦਿਨ ਦੇ ਰਹੇ ਹਨ ਜਦੋਂ ਕਿ ਸ਼ੰਘਾਈ 10 ਅਤੇ ਸਿਚੁਆਨ ਅਜੇ ਵੀ ਸਿਰਫ਼ 3 ਦਿਨ ਦੇ ਰਹੇ ਹਨ। ਸਾਊਥਵੈਸਟਰਨ ਯੂਨੀਵਰਸਿਟੀ ਆਫ਼ ਫਾਇਨਾਂਸ ਐਂਡ ਇਕਨਾਮਿਕਸ ਦੇ ਸੋਸ਼ਲ ਡਿਵੈਲਪਮੈਂਟ ਰਿਸਰਚ ਇੰਸਟੀਚਿਊਟ ਦੇ ਡੀਨ ਯਾਂਗ ਹੈਯਾਂਗ ਨੇ ਕਿਹਾ ਕਿ ਵਿਆਹ ਦੀ ਛੁੱਟੀ ਵਧਾਉਣਾ ਪ੍ਰਜਣਨ ਦਰ ਨੂੰ ਵਧਾਉਣ ਦਾ ਇਕ ਪ੍ਰਭਾਵਸ਼ਾਲੀ ਤਰੀਕਾ ਹੈ। ਯਾਦ ਰਹੇ ਕਿ 1980 ਤੋਂ 2015 ਤੱਕ ਸਖਤ ਇਕ-ਬੱਚਾ ਨੀਤੀ ਲਾਗੂ ਹੋਣ ਕਾਰਨ ਚੀਨ ਦੀ ਆਬਾਦੀ ਘਟੀ ਹੈ। 2022 ‘ਚ ਚੀਨ ਨੇ ਪ੍ਰਤੀ 1,000 ਲੋਕਾਂ ‘ਚ 6.77 ਜਨਮ ਦੀ ਆਪਣੀ ਸਭ ਤੋਂ ਘੱਟ ਜਨਮ ਦਰ ਦਰਜ ਕੀਤੀ, ਜਿਸ ਬਾਰੇ ਮਾਹਿਰ ਮੰਨਦੇ ਹਨ ਕਿ ਦੇਸ਼ ਦੀ ਆਰਥਿਕਤਾ ‘ਤੇ ਵਿੱਤੀ ਪ੍ਰਭਾਵ ਪਿਆ ਹੈ।