ਅਰਵਿੰਦ ਕੇਜਰੀਵਾਲ ਦੀ ਅਗਵਾਈ ਵਾਲੀ ਦਿੱਲੀ ਦੀ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਲਿਆਂਦੀ ਵਿਵਾਦਤ ਆਬਕਾਰੀ ਨੀਤੀ ‘ਚ ਕਥਿਤ ਬੇਨਿਯਮੀਆਂ ਦੌਰਾਨ ਕਾਲੇ ਧਨ ਨੂੰ ਸਫ਼ੈਦ ਬਣਾਉਣ ਦੇ ਦੋਸ਼ਾਂ ਦੀ ਜਾਂਚ ਲਈ ਐਨਫੋਰਸਮੈਂਟ ਡਾਇਰੈਕਟੋਰੇਟ ਨੇ ਲੋਕ ਸਭਾ ਮੈਂਬਰ ਐੱਮ ਸ੍ਰੀਨੀਵਸੂਲੂ ਰੈੱਡੀ ਦੀ ਦਿੱਲੀ ਸਥਿਤ ਰਿਹਾਇਸ਼ ਸਮੇਤ ਦੇਸ਼ ਭਰ ‘ਚ ਕਰੀਬ 40 ਥਾਵਾਂ ‘ਤੇ ਛਾਪੇ ਮਾਰੇ। ਸਰਕਾਰੀ ਸੂਤਰਾਂ ਨੇ ਕਿਹਾ ਕਿ ਆਂਧਰਾ ਪ੍ਰਦੇਸ਼, ਤਿਲੰਗਾਨਾ, ਕਰਨਾਟਕ, ਤਾਮਿਲ ਨਾਡੂ ਅਤੇ ਦਿੱਲੀ-ਐੱਨ.ਸੀ.ਆਰ. ‘ਚ ਛਾਪਿਆਂ ਦੌਰਾਨ ਸ਼ਰਾਬ ਕਾਰੋਬਾਰੀਆਂ, ਡਿਸਟ੍ਰੀਬਿਊਟਰਾਂ ਤੇ ਸਪਲਾਈ ਚੇਨ ਨੈੱਟਵਰਕਾਂ ਦੇ ਟਿਕਾਣਿਆਂ ਦੀ ਤਲਾਸ਼ੀ ਲਈ ਗਈ। ਸੂਤਰਾਂ ਨੇ ਕਿਹਾ ਕਿ ਰੈੱਡੀ ਦੇ ਸ਼ਰਾਬ ਡਿਸਟ੍ਰੀਬਿਊਟਰਸ਼ਿਪ ਦੇ ਕਾਰੋਬਾਰ ਨਾਲ ਸਬੰਧ ਹਨ। ਇਸ ਤੋਂ ਪਹਿਲਾਂ ਈ.ਡੀ. ਨੇ 6 ਸਤੰਬਰ ਨੂੰ ਵੀ ਦੇਸ਼ ਭਰ ‘ਚ ਕਰੀਬ 40 ਥਾਵਾਂ ‘ਤੇ ਛਾਪੇ ਮਾਰੇ ਸਨ। ਇਨ੍ਹਾਂ ‘ਚ ਪੰਜਾਬ ਸਰਕਾਰ ਦੇ ਆਬਕਾਰੀ ਵਿਭਾਗ ਦੇ ਅਧਿਕਾਰੀਆਂ ਦੇ ਟਿਕਾਣੇ ਵੀ ਸ਼ਾਮਲ ਸਨ। ਜ਼ਿਕਰਯੋਗ ਹੈ ਕਿ ਦਿੱਲੀ ਦੇ ਉਪ ਰਾਜਪਾਲ ਵੀ ਕੇ ਸਕਸੈਨਾ ਵੱਲੋਂ ਸੀ.ਬੀ.ਆਈ. ਜਾਂਚ ਦੀ ਸਿਫ਼ਾਰਿਸ਼ ਕੀਤੇ ਜਾਣ ਮਗਰੋਂ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਅਗਵਾਈ ਹੇਠਲੀ ਸਰਕਾਰ ਨੇ ਇਸ ਸਾਲ ਜੁਲਾਈ ‘ਚ ਆਬਕਾਰੀ ਨੀਤੀ ਰੱਦ ਕਰ ਦਿੱਤੀ ਸੀ। ਉਨ੍ਹਾਂ 11 ਆਬਕਾਰੀ ਅਧਿਕਾਰੀਆਂ ਨੂੰ ਵੀ ਮੁਅੱਤਲ ਕਰ ਦਿੱਤਾ ਸੀ। ਇਸ ਮਾਮਲੇ ‘ਚ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਅਤੇ ਦਿੱਲੀ ਸਰਕਾਰ ਦੇ ਕੁਝ ਅਫ਼ਸਰਾਂ ਖ਼ਿਲਾਫ਼ ਸੀ.ਬੀ.ਆਈ. ਨੇ ਐੱਫ.ਆਈ.ਆਰ. ਦਰਜ ਕੀਤੀ ਹੋਈ ਹੈ। ਸੀ.ਬੀ.ਆਈ. ਨੇ 19 ਅਗਸਤ ਨੂੰ ਸਿਸੋਦੀਆ, ਆਈ.ਏ.ਐੱਸ. ਅਫ਼ਸਰ ਤੇ ਦਿੱਲੀ ਦੇ ਸਾਬਕਾ ਆਬਕਾਰੀ ਕਮਿਸ਼ਨਰ ਅਰਵ ਗੋਪੀ ਕ੍ਰਿਸ਼ਨਾ ਦੇ ਟਿਕਾਣਿਆਂ ਸਮੇਤ 19 ਹੋਰ ਥਾਵਾਂ ‘ਤੇ ਛਾਪੇ ਮਾਰੇ ਸਨ। ਸਿਸੋਦੀਆ ਕੋਲ ਸਿੱਖਿਆ ਦੇ ਨਾਲ ਨਾਲ ਆਬਕਾਰੀ ਵਿਭਾਗ ਦਾ ਅਹੁਦਾ ਵੀ ਹੈ। ਈ.ਡੀ. ਨੇ ਤਿਹਾੜ ਜੇਲ੍ਹ ‘ਚ ਬੰਦ ‘ਆਪ’ ਆਗੂ ਅਤੇ ਮੰਤਰੀ ਸਤੇਂਦਰ ਜੈਨ ਤੋਂ ਵੀ ਇਸ ਕੇਸ ਬਾਰੇ ਪੁੱਛ-ਪੜਤਾਲ ਕੀਤੀ ਸੀ।