ਬਠਿੰਡਾ ਦਿਹਾਤੀ ਤੋਂ ‘ਆਪ’ ਵਿਧਾਇਕ ਅਮਿਤ ਰਤਨ ਦੇ ਪੀ.ਏ. ਰਿਸ਼ਮ ਗਰਗ ਨੂੰ ਵਿਜੀਲੈਂਸ ਨੇ 4 ਲੱਖ ਰੁਪਏ ਦੀ ਕਥਿਤ ਰਿਸ਼ਵਤ ਲੈਂਦੇ ਹੋਏ ਕਾਬੂ ਕੀਤਾ ਹੈ। ਰਿਸ਼ਮ ਗਰਗ ਸਮਾਣਾ ਦੇ ਵਸਨੀਕ ਹਨ। ਇਸੇ ਦੌਰਾਨ ਵਿਧਾਇਕ ਨੇ ਰਿਸ਼ਮ ਗਰਗ ਨੂੰ ਆਪਣਾ ਪੀ.ਏ. ਮੰਨਣ ਤੋਂ ਇਨਕਾਰ ਕੀਤਾ ਹੈ। ਉਸ ਨੂੰ ਪਿੰਡ ਘੁੱਦਾ ਦੀ ਸਰਪੰਚ ਸੀਮਾ ਰਾਣੀ ਦੇ ਪਤੀ ਪ੍ਰਿਤਪਾਲ ਕੁਮਾਰ ਵੱਲੋਂ ਕੀਤੀ ਗਈ ਸ਼ਿਕਾਇਤ ਦੇ ਆਧਾਰ ‘ਤੇ ਗ੍ਰਿਫ਼ਤਾਰ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਸਰਪੰਚ ਤੇ ਉਸ ਦੇ ਪਤੀ ਨੇ ਵਿਜੀਲੈਂਸ ਬਿਊਰੋ ਕੋਲ ਪਹੁੰਚ ਕਰਕੇ ਦੱਸਿਆ ਕਿ ਗ੍ਰਾਮ ਪੰਚਾਇਤ ਘੁੱਦਾ ਨੂੰ 15ਵੇਂ ਵਿੱਤ ਕਮਿਸ਼ਨ ਤਹਿਤ ਬਲਾਕ ਸਮਿਤੀ ਰਾਹੀਂ ਪ੍ਰਾਪਤ 25 ਲੱਖ ਰੁਪਏ ਦੀ ਸਰਕਾਰੀ ਗ੍ਰਾਂਟ ਨੂੰ ਬੀ.ਡੀ.ਪੀ.ਓ. ਤੋਂ ਰਿਲੀਜ਼ ਕਰਾਉਣ ਬਦਲੇ ਪੀ.ਏ. 5 ਲੱਖ ਰੁਪਏ ਦੀ ਰਿਸ਼ਵਤ ਦੀ ਮੰਗ ਕਰ ਰਿਹਾ ਹੈ। ਉਹ ਮਜਬੂਰਨ ਉਸ ਕੋਲੋਂ ਪਹਿਲੀ ਕਿਸ਼ਤ ਵਜੋਂ 50,000 ਰੁਪਏ ਲੈ ਚੁੱਕਾ ਹੈ। ਇਸ ਸਬੰਧੀ ਸੀਮਾ ਰਾਣੀ ਨੇ ਵਿਜੀਲੈਂਸ ਬਿਊਰੋ ਦੇ ਡੀ.ਜੀ.ਪੀ. ਤੱਕ ਪਹੁੰਚ ਕੀਤੀ। ਇਸ ਤੋਂ ਬਾਅਦ ਉਨ੍ਹਾਂ ਨੂੰ ਬਠਿੰਡਾ ਸੰਪਰਕ ਕਰਨ ਲਈ ਕਿਹਾ ਗਿਆ। ਉਨ੍ਹਾਂ ਕਿਹਾ ਕਿ ਇਸ ਤੋਂ ਬਾਅਦ ਬਠਿੰਡਾ ‘ਚ ਵਿਜੀਲੈਂਸ ਨਾਲ ਸੰਪਰਕ ਕੀਤਾ। ਇਸ ਮਾਮਲੇ ‘ਚ ਲੰਘੀ 10 ਫਰਵਰੀ ਨੂੰ 50,000 ਹਜ਼ਾਰ ਰੁਪਏ ਦਿੱਤੇ ਗਏ ਸਨ। ਸੌਦਾ ਤੈਅ ਹੋਣ ਮਗਰੋਂ ਬਾਕੀ ਬਚਦੀ 4 ਲੱਖ ਦੀ ਰਾਸ਼ੀ ਦੇਣ ਦੀ ਗੱਲ ਨੇਪਰੇ ਚੜ੍ਹੀ। ਜਦੋਂ ਵਿਧਾਇਕ ਅਮਿਤ ਰਤਨ ਸਰਕਟ ਹਾਊਸ ‘ਚ ਗੱਡੀ ਤੋਂ ਨਿਕਲ ਕੇ ਲੋਕਾਂ ਨੂੰ ਮਿਲਣ ਲੱਗੇ ਤਾਂ ਉਨ੍ਹਾਂ ਦੇ ਪੀ.ਏ. ਰਿਸ਼ਮ ਗਰਗ ਨੇ ਰਿਸ਼ਵਤ ਵਾਲੀ 4 ਲੱਖ ਦੀ ਰਾਸ਼ੀ ਫੜ ਕੇ ਗੱਡੀ ‘ਚ ਰੱਖ ਦਿੱਤੀ। ਇਸ ਦੌਰਾਨ ਵਿਜੀਲੈਂਸ ਨੇ ਰਿਸ਼ਮ ਗਰਗ ਨੂੰ ਸਰਕਾਰੀ ਗਵਾਹਾਂ ਦੀ ਹਾਜ਼ਰੀ ‘ਚ ਰੰਗੇ ਹੱਥੀਂ ਗ੍ਰਿਫ਼ਤਾਰ ਕਰ ਲਿਆ ਜਦੋਂ ਕਿ ਉਸ ਨੇ ਭੱਜਣ ਦੀ ਕੋਸ਼ਿਸ ਵੀ ਕੀਤੀ। ਇਸ ਮੌਕੇ ਵਿਧਾਇਕ ਅਮਿਤ ਰਤਨ ਕੋਟਫੱਤਾ ਨੂੰ ਸਰਕਟ ਹਾਊਸ ‘ਚ ਵਿਜੀਲੈਂਸ ਦੇ ਅਧਿਕਾਰੀਆਂ ਨੇ ਨਜ਼ਰਬੰਦ ਕਰ ਲਿਆ। ਸਰਕਾਰੀ ਗਵਾਹ ਸਮੇਤ ਵਿਧਾਇਕ ਅਮਿਤ ਰਤਨ, ਪੀ.ਏ. ਰਿਸ਼ਮ ਗਰਗ ਸਰਕਟ ਹਾਊਸ ‘ਚ ਘਿਰੇ ਰਹੇ। ਅਮਿਤ ਰਤਨ ਤੋਂ ਅਧਿਕਾਰੀਆਂ ਨੇ ਕਈ ਘੰਟੇ ਪੁੱਛਗਿੱਛ ਕੀਤੀ ਅਤੇ ਮਾਹੌਲ ਤਲਖੀ ਵਾਲਾ ਬਣ ਗਿਆ। ਮੌਕੇ ‘ਤੇ ਪੁੱਜੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸਰੂਪ ਚੰਦ ਸਿੰਗਲਾ, ਅਸ਼ੋਕ ਭਾਰਤੀ, ਮੋਹਨ ਲਾਲ ਗਰਗ ਵੱਲੋਂ ਆਪਣੇ ਸਮਰਥਕਾਂ ਨਾਲ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਉਹ ਵਿਧਾਇਕ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਕਰਦੇ ਰਹੇ। ਇਸ ਮੌਕੇ ਭਾਜਪਾ ਅਤੇ ਆਮ ਆਦਮੀ ਪਾਰਟੀ ਦੇ ਆਗੂ ਰਾਹੁਲ ਚੁੰਬਾ ਵਿਚਕਾਰ ਤਲਖੀ ਵਾਲਾ ਮਾਹੌਲ ਬਣ ਗਿਆ। ਵਿਜੀਲੈਂਸ ਦੇ ਅਧਿਕਾਰੀ ਰਿਸ਼ਮ ਗਰਗ ਨੂੰ ਗ੍ਰਿਫ਼ਤਾਰ ਕਰਕੇ ਨਾਲ ਲੈ ਗਏ ਅਤੇ ਸਰਕਟ ਹਾਊਸ ਦੀਆਂ ਬੱਤੀਆਂ ਬੰਦ ਕਰ ਦਿੱਤੀਆਂ ਗਈਆਂ। ਵਿਧਾਇਕ ਅੰਦਰ ਬੈਠੇ ਹੋਏ ਸਨ ਤੇ ਪੁਲੀਸ ਬਾਹਰ ਖੜ੍ਹੀ ਹੋਈ ਸੀ। ਇਸ ਮਗਰੋਂ ਭਾਜਪਾ ਕਾਰਕੁਨ ਵੀ ਚਲੇ ਗਏ। ਰਿਸ਼ਮ ਗਰਗ ਖ਼ਿਲਾਫ ਵਿਜੀਲੈਂਸ ਬਿਊਰੋ ਦੇ ਥਾਣਾ ਬਠਿੰਡਾ ‘ਚ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ। ਵਿਜੀਲੈਂਸ ਦੀ ਕਾਰਵਾਈ ਮਗਰੋਂ ਬਠਿੰਡਾ ਦਿਹਾਤੀ ਦੇ ਵਿਧਾਇਕ ਅਮਿਤ ਰਤਨ ਨੇ ਸੋਸ਼ਲ ਮੀਡੀਆ ‘ਤੇ ਚੁੱਪੀ ਤੋੜਦੇ ਹੋਏ ਸਪੱਸ਼ਟੀਕਰਨ ਦਿੰਦਿਆਂ ਕਿਹਾ ਕਿ ਹੋਈ ਕਾਰਵਾਈ ਨਾਲ ਉਨ੍ਹਾਂ ਕੋਈ ਲੈਣਾ-ਦੇਣਾ ਨਹੀਂ ਹੈ। ਰਿਸ਼ਮ ਗਰਗ ਨਾਂ ਦਾ ਉਨ੍ਹਾਂ ਦਾ ਕੋਈ ਪੀ.ਏ. ਨਹੀਂ ਅਤੇ ਉਨ੍ਹਾਂ ਦਾ ਪੀ.ਏ. ਰਣਬੀਰ ਸਿੰਘ ਹੈ।