ਕਰਤਾਰਪੁਰ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਬਲਕਾਰ ਸਿੰਘ ਵੀ ਵਿਵਾਦਾਂ ‘ਚ ਘਿਰ ਗਏ ਹਨ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਵਿਧਾਇਕ ਬਲਕਾਰ ਸਿੰਘ ‘ਤੇ ਦੋਸ਼ ਲਾਇਆ ਹੈ ਕਿ ਉਨ੍ਹਾਂ ਆਪਣੇ ਪੁੱਤਰ ਲਈ ਸਬ-ਇੰਸਪੈਕਟਰ ਦੀ ਨੌਕਰੀ ਹਾਸਲ ਕਰਨ ਵਾਸਤੇ ਆਪਣੇ ਆਪ ਨੂੰ 50 ਫੀਸਦੀ ਅਪੰਗ ਹੋਣ ਦਾ ਦਾਅਵਾ ਕਰਦਿਆਂ ਕਥਿਤ ਤੌਰ ‘ਤੇ ਜਾਅਲੀ ਸਰਟੀਫਿਕੇਟ ਬਣਾਇਆ ਹੈ। ਉਨ੍ਹਾਂ ਮੰਗ ਕੀਤੀ ਵਿਧਾਇਕ ਵਿਰੁੱਧ ਫੌਜਦਾਰੀ ਕੇਸ ਦਰਜ ਕੀਤਾ ਜਾਵੇ ਅਤੇ ਉਸ ਦੇ ਪੁੱਤਰ ਸਮੇਤ ਉਨ੍ਹਾਂ ਸਾਰੇ ਪੁਲੀਸ ਮੁਲਾਜ਼ਮਾਂ ਖ਼ਿਲਾਫ਼ ਵੀ ਕਾਰਵਾਈ ਕੀਤੀ ਜਾਵੇ ਜਿਨ੍ਹਾਂ ਇਹ ਗੈਰਕਾਨੂੰਨੀ ਕੰਮ ਕੀਤਾ ਹੈ। ਅਕਾਲੀ ਆਗੂ ਮਜੀਠੀਆ ਨੇ ਪ੍ਰੈੱਸ ਕਾਨਫਰੰਸ ਦੌਰਾਨ ਇਹ ਦਾਅਵਾ ਵੀ ਕੀਤਾ ਕਿ ਆਮ ਆਦਮੀ ਪਾਰਟੀ ਕਥਿਤ ਤੌਰ ‘ਤੇ ਗੈਰ ਪੰਜਾਬੀਆਂ ਨੂੰ ਬਹੁਤ ਜ਼ਿਆਦਾ ਤਨਖਾਹਾਂ ‘ਤੇ ਨੌਕਰੀਆਂ ‘ਤੇ ਰੱਖ ਰਹੀ ਹੈ, ਜਦਕਿ ਉਹ ਪੰਜਾਬੀ ਦੀ ਪੜ੍ਹਾਈ ਕੀਤੀ ਹੋਣ ਦੀ ਸ਼ਰਤ ਵੀ ਪੂਰੀ ਨਹੀਂ ਕਰਦੇ। ਉਨ੍ਹਾਂ ਦੱਸਿਆ ਕਿ ਦਿੱਲੀ ਦੇ ਇਕ ਵਿਅਕਤੀ ਨੂੰ ਮੁੱਖ ਮੰਤਰੀ ਦਾ ਓ.ਐੱਸ.ਡੀ. (ਮੀਡੀਆ) ਨਿਯੁਕਤ ਕੀਤਾ ਗਿਆ ਹੈ ਜਦੋਂ ਕਿ ਇਕ ਨੂੰ ਸੋਸ਼ਲ ਮੀਡੀਆ ਮੈਨੇਜਰ ਨਿਯੁਕਤ ਕੀਤਾ ਗਿਆ ਹੈ ਅਤੇ ਇਨ੍ਹਾਂ ਦੀਆਂ ਤਨਖਾਹਾਂ ਕ੍ਰਮਵਾਰ ਡੇਢ ਲੱਖ ਰੁਪਏ ਤੇ ਸਵਾ ਲੱਖ ਰੁਪਏ ਪ੍ਰਤੀ ਮਹੀਨਾ ਹਨ ਤੇ ਇਸ ਦੇ ਨਾਲ ਹੀ ਸਰਕਾਰੀ ਘਰ ਤੇ ਗੱਡੀਆਂ ਦੀ ਸਹੂਲਤ ਵੀ ਦਿੱਤੀ ਹੋਈ ਹੈ। ਮਜੀਠੀਆ ਨੇ ਕਿਹਾ ਕਿ ਕਰਤਾਰਪੁਰ ਦੇ ਵਿਧਾਇਕ ਤੇ ਪੰਜਾਬ ਪੁਲੀਸ ਦੇ ਸਾਬਕਾ ਡੀ.ਸੀ.ਪੀ. ਬਲਕਾਰ ਸਿੰਘ ਦੇ ਪੁੱਤਰ ਸੁਸ਼ੋਭਿਤਵੀਰ ਸਿੰਘ ਸਬ-ਇੰਸਪੈਕਟਰਾਂ ਦੀ ਭਰਤੀ ਪ੍ਰਕਿਰਿਆ ਕਾਂਗਰਸ ਸਰਕਾਰ ਵੇਲੇ ਅਗਸਤ 2021 ‘ਚ ਸ਼ੁਰੂ ਹੋਈ ਸੀ ਤੇ ਉਦੋਂ ਉਹ ਫੇਲ੍ਹ ਹੋ ਗਿਆ ਸੀ। ਉਨ੍ਹਾਂ ਦੱਸਿਆ ਕਿ ਅਨੁਸੂਚਿਤ ਜਾਤੀ ਵਰਗ ‘ਚ ਪ੍ਰੀਖਿਆ ‘ਚ ਫੇਲ੍ਹ ਹੋਣ ਮਗਰੋਂ ਸੁਸ਼ੋਭਿਤਵੀਰ ਨੇ ਆਪਣੀ ਕੈਟਾਗਿਰੀ ਬਦਲ ਲਈ। 20 ਅਕਤੂਬਰ 2022 ਨੂੰ ਸੂਬੇ ਦੇ ਡੀ.ਜੀ.ਪੀ. ਨੇ ਸਾਬਕਾ ਡੀ.ਸੀ.ਪੀ. ਨੂੰ ਪੱਤਰ ਦਿੱਤਾ ਜਿਸ ‘ਚ ਦੱਸਿਆ ਕਿ ਉਨ੍ਹਾਂ ਦੀ ਬੇਨਤੀ ‘ਤੇ ਉਨ੍ਹਾਂ ਦਾ ਪੁੱਤਰ ਅਪੰਗ ਪੁਲੀਸ ਅਫਸਰਾਂ ਦੇ ਬੱਚਿਆਂ ਵਾਸਤੇ 2 ਫੀਸਦ ਰਾਖਵੇਂਕਰਨ ਤਹਿਤ ਯੋਗ ਹੈ। ਮਜੀਠੀਆ ਨੇ ਦਾਅਵਾ ਕੀਤਾ ਕਿ ਬਲਕਾਰ ਸਿੰਘ 50 ਫੀਸਦ ਅਪੰਗ ਨਹੀਂ ਹੈ। ਉਨ੍ਹਾਂ ਕਿਹਾ ਕਿ ਨਿਯਮਾਂ ਮੁਤਾਬਕ ਸਰਕਾਰੀ ਨੌਕਰੀ ਲਈ ਉਮੀਦਵਾਰ ਆਪਣੀ ਅਰਜ਼ੀ ਦੇਣ ਤੋਂ ਬਾਅਦ ਆਪਣਾ ਵਰਗ (ਕੈਟਾਗਿਰੀ) ਨਹੀਂ ਬਦਲ ਸਕਦਾ। ਮਜੀਠੀਆ ਨੇ ਸਪਸ਼ੱਟ ਕਿਹਾ ਕਿ ਭਾਜਪਾ ਨਾਲ ਅਕਾਲੀ ਦਲ ਦਾ ਮੁੜ ਗੱਠਜੋੜ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਉਨ੍ਹਾਂ ਕਿਹਾ ਕਿ ਭਾਜਪਾ ਪੰਜਾਬ ਦੇ ਕਿਸਾਨਾਂ ਦੇ ਹਿੱਤਾਂ ਖ਼ਿਲਾਫ਼ ਕੰਮ ਕਰ ਰਹੀ ਹੈ, ਇਸ ਲਈ ਇਹ ਗੱਠਜੋੜ ਸੰਭਵ ਹੀ ਨਹੀਂ ਹੈ।