ਆਮ ਆਦਮੀ ਪਾਰਟੀ ਦੇ ਬਾਬਾ ਬਕਾਲਾ ਤੋਂ ਵਿਧਾਇਕ ਦਲਬੀਰ ਸਿੰਘ ਟੌਂਗ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਨੂੰ ਕੁਝ ਦਿਨ ਪਹਿਲਾਂ ਹੀ ਅਦਾਲਤ ਨੇ ਭਗੌੜਾ ਐਲਾਨਿਆ ਸੀ ਅਤੇ ਜਾਇਦਾਦ ਕੁਰਕ ਕਰਨ ਦੇ ਹੁਕਮ ਦਿੱਤੇ ਸਨ। ਤਰਨ ਤਾਰਨ ਜ਼ਿਲ੍ਹੇ ‘ਚ ਦੋ ਸਾਲ ਪਹਿਲਾਂ ਵਾਪਰੇ ਜ਼ਹਿਰੀਲੀ ਸ਼ਰਾਬ ਮਾਮਲੇ ਦੇ ਸਬੰਧ ‘ਚ ਆਮ ਆਦਮੀ ਪਾਰਟੀ ਦੇ ਵਰਕਰਾਂ ਅਤੇ ਵਿਧਾਇਕਾਂ ਵੱਲੋਂ ਉਸ ਸਮੇਂ ਅੰਮ੍ਰਿਤਸਰ ਬਠਿੰਡਾ ਨੈਸ਼ਨਲ ਹਾਈਵੇ ਨੂੰ ਜਾਮ ਕਰਦੇ ਹੋਏ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਧਰਨਾਂ ਦਿੱਤਾ ਗਿਆ ਸੀ। ਇਸ ਬਾਬਤ ਪੁਲੀਸ ਵੱਲੋਂ ਪ੍ਰਦਰਸ਼ਨਕਾਰੀਆਂ ਖ਼ਿਲਾਫ਼ ਦੋ ਮਾਮਲੇ ਦਰਜ ਕੀਤੇ ਸਨ। ਮਾਣਯੋਗ ਅਦਾਲਤ ‘ਚ ਚੱਲ ਰਹੇ ਕੇਸ ਦੌਰਾਨ ਗੈਰਹਾਜ਼ਰ ਹੋਣ ਦੇ ਸਬੰਧੀ ‘ਚ ਭਗੌੜਾ ਕਰਾਰ ਦਿੱਤੇ ਵਿਧਾਇਕ ਟੌਂਗ ਖ਼ਿਲਾਫ਼ ਧਾਰਾ 174-ਏ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਜੱਜ ਬਗੀਚਾ ਸਿੰਘ ਦੀ ਅਦਾਲਤ ‘ਚ ਚੱਲ ਰਹੇ ਉਕਤ ਕੇਸਾਂ ਦੀ ਸੁਣਵਾਈ ਦੌਰਾਨ ਬੀਤੀ 26 ਅਗਸਤ ਤੋਂ ਲਗਾਤਾਰ ਵਿਧਾਇਕ ਦਲਬੀਰ ਸਿੰਘ ਗੈਰਹਾਜ਼ਰ ਚੱਲ ਰਹੇ ਸਨ। ਇਸ ਦੌਰਾਨ ਮਾਨਯੋਗ ਅਦਾਲਤ ਵੱਲੋਂ ਉਸ ਨੂੰ ਜਿੱਥੇ ਭਗੋੜਾ ਕਰਾਰ ਦਿੱਤਾ ਗਿਆ ਸੀ ਉਥੇ ਹੀ ਥਾਣਾ ਸਦਰ ਤਰਨਤਾਰਨ ਦੀ ਪੁਲੀਸ ਨੂੰ ਤੁਰੰਤ ਧਾਰਾ 174-ਏ ਤਹਿਤ ਮਾਮਲਾ ਦਰਜ ਕਰਨ ਦੇ ਆਦੇਸ਼ ਜਾਰੀ ਕੀਤੇ ਗਏ ਸਨ। ਬੀਤੀ ਦੋ ਨਵੰਬਰ ਨੂੰ ਅਦਾਲਤ ਨੇ ਵਿਧਾਇਕ ਟੌਂਗ ਨੂੰ ਭਗੌੜਾ ਕਰਾਰ ਦੇਣ ਦੇ ਨਾਲ ਉਸ ਦੀ ਜਾਇਦਾਦ ਨੂੰ ਵੀ ਅਟੈਚ ਕਰਨ ਦੇ ਹੁਕਮ ਜਾਰੀ ਕੀਤੇ ਸਨ। ਦੱਸਣਯੋਗ ਹੈ ਕਿ ਸੁਣਵਾਈ ਦੌਰਾਨ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ, ਡਿਪਟੀ ਸਪੀਕਰ ਜੈ ਕ੍ਰਿਸ਼ਨ ਰੋੜੀ, ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ, ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ, ਵਿਧਾਇਕ ਮਨਜੀਤ ਸਿੰਘ ਬਿਲਾਸਪੁਰ, ਵਿਧਾਇਕ ਕੁਲਵੰਤ ਸਿੰਘ ਪੰਡੋਰੀ, ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਅਤੇ ਵਰਕਰਾਂ ਵੱਲੋਂ ਮਾਣਯੋਗ ਅਦਾਲਤ ‘ਚ ਹਾਜ਼ਰੀ ਲਗਵਾਈ ਸੀ। ਗੱਲਬਾਤ ਕਰਦਿਆਂ ਥਾਣਾ ਸਦਰ ਤਰਨਤਾਰਨ ਦੇ ਮੁਖੀ ਇੰਸਪੈਕਟਰ ਗੁਰਚਰਨ ਸਿੰਘ ਨੇ ਦੱਸਿਆ ਕਿ ਮਾਨਯੋਗ ਜੱਜ ਬਗੀਚਾ ਸਿੰਘ ਦੇ ਹੁਕਮਾਂ ”ਤੇ ਵਿਧਾਇਕ ਦਲਬੀਰ ਸਿੰਘ ਟੌਂਗ ਖ਼ਿਲਾਫ਼ ਅਦਾਲਤ ‘ਚ ਗੈਰਹਾਜ਼ਰ ਰਹਿਣ ਕਾਰਨ ਧਾਰਾ 174-ਏ ਤਹਿਤ ਪਰਚਾ ਦਰਜ ਕਰ ਲਿਆ ਗਿਆ ਹੈ।