ਬਠਿੰਡਾ ਦਿਹਾਤੀ ਤੋਂ ਆਮ ਆਦਮੀ ਪਾਰਟੀ ਨਾਲ ਸਬੰਧਤ ਵਿਧਾਇਕ ਅਮਿਤ ਰਤਨ ਕੋਟਫੱਤਾ ਅਤੇ ਉਸ ਦੇ ਪੀ.ਏ. ਰਸ਼ਿਮ ਗਰਗ ਖ਼ਿਲਾਫ਼ ਦਰਜ ਐੱਫ.ਆਈ.ਆਰ. ਸਬੰਧੀ ਵਿਜੀਲੈਂਸ ਬਿਊਰੋ ਨੇ ਅਦਾਲਤ ‘ਚ ਚਲਾਨ ਪੇਸ਼ ਕਰ ਦਿੱਤਾ ਹੈ। ਉਨ੍ਹਾਂ ਖ਼ਿਲਾਫ਼ 16 ਫਰਵਰੀ ਨੂੰ ਐੱਫ.ਆਈ.ਆਰ. ਨੰਬਰ ਇਕ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 7, 7-ਏ ਅਤੇ ਆਈ.ਪੀ.ਸੀ. ਦੀ ਧਾਰਾ 120-ਬੀ ਤਹਿਤ ਬਠਿੰਡਾ ਰੇਂਜ ਦੇ ਵਿਜੀਲੈਂਸ ਪੁਲੀਸ ਥਾਣੇ ‘ਚ ਦਰਜ ਕੀਤੀ ਗਈ ਸੀ। ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ 16 ਫਰਵਰੀ 2023 ਨੂੰ ਬਠਿੰਡਾ ਰੇਂਜ ਵਿਜੀਲੈਂਸ ਟੀਮ ਵੱਲੋਂ ਬਠਿੰਡਾ ਦਿਹਾਤੀ ਦੇ ਵਿਧਾਇਕ ਦੇ ਉਕਤ ਨਿੱਜੀ ਸਹਾਇਕ ਨੂੰ ਚਾਰ ਲੱਖ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰਨ ਉਪਰੰਤ ਭ੍ਰਿਸ਼ਟਾਚਾਰ ਦਾ ਮੁਕੱਦਮਾ ਦਰਜ ਕੀਤਾ ਗਿਆ ਸੀ। ਜਾਂਚ ਦੌਰਾਨ ਉਕਤ ਵਿਧਾਇਕ ਨੂੰ ਵੀ 20 ਫਰਵਰੀ 2023 ਨੂੰ ਇਸ ਮਾਮਲੇ ‘ਚ ਗ੍ਰਿਫ਼ਤਾਰ ਕਰ ਲਿਆ ਗਿਆ ਸੀ ਕਿਉਂਕਿ ਉਸ ਦੇ ਪੀ.ਏ. ਨੇ ਵਿਧਾਇਕ ਦੇ ਨਾਂ ‘ਤੇ ਹੀ ਇਹ ਰਿਸ਼ਵਤ ਵਸੂਲ ਕੀਤੀ ਸੀ। ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਸਾਲ 2022-23 ਦੌਰਾਨ 15ਵੇਂ ਵਿੱਤ ਕਮਿਸ਼ਨ ਅਧੀਨ ਪਿੰਡ ਘੁੱਦਾ, ਜ਼ਿਲ੍ਹਾ ਬਠਿੰਡਾ ਨੂੰ 25 ਲੱਖ ਰੁਪਏ ਦੀ ਗ੍ਰਾਂਟ ਜਾਰੀ ਕੀਤੀ ਗਈ ਸੀ, ਜੋ ਅਜੇ ਪੰਚਾਇਤ ਨੂੰ ਦੇਣੀ ਸੀ ਪਰ ਉਕਤ ਪ੍ਰਾਈਵੇਟ ਪੀ.ਏ. ਰਸ਼ਿਮ ਗਰਗ ਨੇ ਪਿੰਡ ਘੁੱਦਾ ਦੇ ਸਰਪੰਚ ਤੋਂ ਇਸ ਖਾਤਰ ਪੰਜ ਲੱਖ ਰੁਪਏ ਰਿਸ਼ਵਤ ਦੀ ਮੰਗ ਕੀਤੀ ਸੀ ਪਰ ਵਿਜੀਲੈਂਸ ਨੇ 16 ਫਰਵਰੀ 2023 ਨੂੰ ਉਸ ਨੂੰ ਉਕਤ ਗ੍ਰਾਂਟ ਜਾਰੀ ਕਰਨ ਦੇ ਇਵਜ਼ ‘ਚ 4 ਲੱਖ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗ੍ਰਿਫ਼ਤਾਰ ਕਰ ਲਿਆ ਸੀ। ਉਕਤ ਸਰਪੰਚ ਨੇ ਉਨ੍ਹਾਂ ਵੱਲੋਂ ਮੰਗੇ 50,000 ਰੁਪਏ ਪਹਿਲਾਂ ਹੀ ਦੇ ਦਿੱਤੇ ਸਨ। ਬੁਲਾਰੇ ਨੇ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਉਕਤ ਰਿਸ਼ਵਤ ਕਥਿਤ ਦੋਸ਼ੀ ਰਸ਼ਿਮ ਗਰਗ ਨੇ ਵਿਧਾਇਕ ਅਮਿਤ ਰਤਨ ਦੇ ਨਿਰਦੇਸ਼ਾਂ ‘ਤੇ ਵਸੂਲੀ ਸੀ। ਇਸ ਤੋਂ ਇਲਾਵਾ ਉਸ ਨੇ ਪਿੰਡ ਘੁੱਦਾ ਦੇ ਗੁਰਦਾਸ ਸਿੰਘ ਕੋਲੋਂ ਉਸ ਦੇ ਪਿੰਡ ਦੀ ਨੰਬਰਦਾਰੀ ਦਿਵਾਉਣ ਦੇ ਬਦਲੇ 2,50,000 ਰੁਪਏ ਦੀ ਰਿਸ਼ਵਤ ਲਈ ਸੀ। ਜਾਂਚ ਦੌਰਾਨ ਹੋਏ ਖੁਲਾਸੇ ਦੇ ਆਧਾਰ ‘ਤੇ ਵਿਜੀਲੈਂਸ ਨੇ ਉਕਤ ਮਾਮਲੇ ‘ਚ ਆਈ.ਪੀ.ਸੀ. ਦੀ 120-ਬੀ ਦੀ ਇਕ ਹੋਰ ਧਾਰਾ ਜੋੜ ਦਿੱਤੀ ਸੀ ਅਤੇ ਮੌਜੂਦਾ ਕੇਸ ਵਿਚ ਵਿਧਾਇਕ ਅਮਿਤ ਰਤਨ ਨੂੰ ਵੀ ਨਾਮਜ਼ਦ ਕਰਕੇ 22 ਫਰਵਰੀ 2023 ਨੂੰ ਉਸ ਨੂੰ ਸ਼ੰਭੂ ਬਾਰਡਰ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਸੀ।