ਅੰਮ੍ਰਿਤਸਰ ਵਿਖੇ ਤਿੰਨ ਦਿਨਾ ਜੀ-20 ਸੰਮੇਲਨ ਖੋਜ ਅਤੇ ਨਵੀਨਤਾਵਾਂ, ਬੁਨਿਆਦੀ ਸਿੱਖਿਆ ਅਤੇ ਜੀਵਨ ਭਰ ਸਿੱਖਣ ਦੇ ਮੌਕੇ ਵਰਗੇ ਪ੍ਰਮੁੱਖ ਖੇਤਰਾਂ ‘ਚ ਆਪਸੀ ਸਹਿਯੋਗ ਦੇਣ ਦੀ ਸਹਿਮਤੀ ਨਾਲ ਸਮਾਪਤ ਹੋ ਗਿਆ। ਇਸ ਅੰਤਰਰਾਸ਼ਟਰੀ ਸੰਮੇਲਨ ‘ਚ ਦੂਜੀ ਐਜੂਕੇਸ਼ਨ ਵਰਕਿੰਗ ਗਰੁੱਪ ਦੀ ਮੀਟਿੰਗ ‘ਚ ਜੀ-20 ਨਾਲ ਸਬੰਧਤ ਲਗਪਗ 28 ਮੁਲਕਾਂ ਅਤੇ ਹੋਰ ਅੰਤਰਰਾਸ਼ਟਰੀ ਸੰਸਥਾਵਾਂ ਦੇ 58 ਪ੍ਰਤੀਨਿਧਾਂ ਨੇ ਸ਼ਮੂਲੀਅਤ ਕੀਤੀ। ਇਸ ਸਬੰਧ ‘ਚ ਮੁੱਖ ਸਮਾਗਮ ਖਾਲਸਾ ਕਾਲਜ ਵਿਚ ਅਤੇ ਮੀਟਿੰਗ ਸਥਾਨਕ ਰੇਸਤਰਾਂ ‘ਚ ਕੀਤੀ ਗਈ। ਇਸ ਤੋਂ ਬਾਅਦ ਵਿਦੇਸ਼ੀ ਡੈਲੀਗੇਟ ਦਰਬਾਰ ਸਾਹਿਬ ਨਤਮਸਤਕ ਹੋਏ ਜਿੱਥੇ ਸ਼੍ਰੋਮਣੀ ਕਮੇਟੀ ਪ੍ਰਬੰਧਕਾਂ ਵੱਲੋਂ ਉਨ੍ਹਾਂ ਦਾ ਸਨਮਾਨ ਕੀਤਾ ਗਿਆ। ਸੰਮੇਲਨ ਦੀ ਸਮਾਪਤੀ ਤੋਂ ਬਾਅਦ ਮੀਡੀਆ ਨਾਲ ਗੱਲ ਕਰਦਿਆਂ ਕੇਂਦਰੀ ਉਚੇਰੀ ਸਿੱਖਿਆ ਵਿਭਾਗ ਦੇ ਸਕੱਤਰ ਕੇ ਸੰਜੇ ਮੂਰਤੀ ਨੇ ਦੱਸਿਆ ਕਿ ਤਿੰਨ ਦਿਨਾ ਮੀਟਿੰਗ ਦੌਰਾਨ ਖੋਜ ਕਾਰਜਾਂ ਅਤੇ ਨਵੀਨਤਾਵਾਂ ਨੂੰ ਉਤਸ਼ਾਹਤ ਕਰਨ ‘ਤੇ ਧਿਆਨ ਕੇਂਦਰਤ ਕੀਤਾ ਗਿਆ। ਇਸ ਤੋਂ ਇਲਾਵਾ ਤਕਨੀਕੀ ਸਿਖਲਾਈ ‘ਤੇ ਧਿਆਨ ਕੇਂਦਰਿਤ ਕੀਤਾ ਗਿਆ। ਉਨ੍ਹਾਂ ਕਿਹਾ ਕਿ ਸਿੱਖਿਆ ਦੇ ਖੇਤਰ ਨੂੰ ਹੋਰ ਬੁਲੰਦੀਆਂ ‘ਤੇ ਲਿਜਾਣ ਵਾਸਤੇ ਆਪਸੀ ਸਹਿਯੋਗ ਦੀ ਲੋੜ ਹੈ। ਜੀ-20 ਸੰਮੇਲਨ ਨੇ ਇਸ ਲਈ ਇਕ ਨਵਾਂ ਮੰਚ ਮੁਹੱਈਆ ਕੀਤਾ ਹੈ ਜਿੱਥੇ ਆਪਸੀ ਸੰਵਾਦ ਰਾਹੀਂ ਅਜਿਹੇ ਮਸਲੇ ਵਿਚਾਰੇ ਜਾ ਸਕਦੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਮੀਟਿੰਗਾਂ ਦੌਰਾਨ ਵਿਚਾਰੇ ਗਏ ਮੁੱਦੇ ਅਤੇ ਸੁਝਾਏ ਗਏ ਹੱਲ ਬਾਰੇ ਇਕ ਦਸਤਾਵੇਜ਼ ਤਿਆਰ ਕੀਤਾ ਜਾਵੇਗਾ। ਉਚੇਰੀ ਸਿੱਖਿਆ ਨਾਲ ਸਬੰਧਤ ਸਾਰੀਆਂ ਸੰਸਥਾਵਾਂ ‘ਚ ਇਸ ਦਸਤਾਵੇਜ਼ ਨੂੰ ਲਾਗੂ ਕਰਨ ਲਈ ਕਿਹਾ ਜਾਵੇਗਾ ਤਾਂ ਕਿ ਇਸ ਦੇ ਚੰਗੇ ਨਤੀਜੇ ਮਿਲ ਸਕਣ। ਪੰਜਾਬ ਦੀ ਦਸਤਕਾਰੀ ਨੂੰ ਦਰਸਾਉਂਦੀ ਪ੍ਰਦਰਸ਼ਨੀ ਵੀ ਲਾਈ ਗਈ ਜਿਸ ‘ਚ ਵਿਦੇਸ਼ੀ ਮਹਿਮਾਨਾਂ ਨੂੰ ਤੋਹਫ਼ੇ ਵਜੋਂ ਫੁਲਕਾਰੀ ਅਤੇ ਦਸਤਕਾਰੀ ਦੀਆਂ ਕਲਾਕ੍ਰਿਤਾਂ ਭੇਟ ਕੀਤੀਆਂ ਗਈਆਂ। ਇਸ ਤੋਂ ਪਹਿਲਾਂ ਵਿਦੇਸ਼ੀ ਮਹਿਮਾਨਾਂ ਨੇ ਲੰਘੀ ਸ਼ਾਮ ‘ਸਾਡਾ ਪਿੰਡ’ ਵਿੱਚ ਪੰਜਾਬ ਦੇ ਪੇਂਡੂ ਸੱਭਿਆਚਾਰ ਅਤੇ ਜੀਵਨ ਜਾਚ ਨੂੰ ਨੇੜਿਉਂ ਦੇਖਿਆ ਤੇ ਪੰਜਾਬੀ ਖਾਣਿਆਂ ਦਾ ਆਨੰਦ ਮਾਣਿਆ। ਮੁੱਖ ਮੰਤਰੀ ਭਗਵੰਤ ਮਾਨ ਨੇ ਜੀ-20 ਸੰਮੇਲਨ ਲਈ ਆਏ ਡੈਲੀਗੇਟਾਂ ਨੂੰ ਵਿਸ਼ਵ ਭਰ ‘ਚ ਸੂਬੇ ਦੇ ਸ਼ਾਨਦਾਰ ਵਿਰਸੇ, ਸ਼ਾਂਤੀ, ਤਰੱਕੀ ਅਤੇ ਖ਼ੁਸ਼ਹਾਲੀ ਦੇ ਸਫ਼ੀਰ ਬਣਨ ਦਾ ਸੱਦਾ ਦਿੱਤਾ। ਗੋਬਿੰਦਗੜ੍ਹ ਕਿਲ੍ਹੇ ‘ਚ ਡੈਲੀਗੇਟਾਂ ਲਈ ਰਾਤ ਦੇ ਖਾਣੇ ਦੀ ਮੇਜ਼ਬਾਨੀ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਖ਼ੁਸ਼ਕਿਸਮਤ ਹੈ ਕਿ ਜੀ-20 ਸੰਮੇਲਨ ਦੌਰਾਨ ਸੂਬੇ ‘ਚ ਇਨ੍ਹਾਂ ਪਤਵੰਤਿਆਂ ਦੀ ਮੇਜ਼ਬਾਨੀ ਕਰਨ ਦਾ ਮੌਕਾ ਮਿਲਿਆ ਹੈ।