ਪੰਜਾਬ ‘ਚ ਕਈ ਦਿਨਾਂ ਤੋਂ ਸਿਆਸੀ ਵਿਵਾਦ ਤੇ ਚਰਚਾ ਦਾ ਕਾਰਨ ਬਣਿਆ ‘ਆਪਰੇਸ਼ਨ ਲੋਟਸ’ ਅੱਜ ਦੁਬਾਰਾ ਸੁਰਖੀਆਂ ‘ਚ ਆ ਗਿਆ ਕਿਉਂਕਿ ਇਹ ਮੁੱਦਾ ਚੁੱਕਣ ਵਾਲੀ ਆਮ ਆਦਮੀ ਪਾਰਟੀ ਦੇ ਜਲੰਧਰ ਨਾਲ ਸਬੰਧਤ ਦੋ ਵਿਧਾਇਕ ਵਿਜੀਲੈਂਸ ਦਫ਼ਤਰ ‘ਚ ਪਹੁੰਚੇ। ਵਿਧਾਇਕ ਸ਼ੀਤਲ ਅੰਗੁਰਾਲ ਅਤੇ ਰਮਨ ਅਰੋੜਾ ਨੇ ਮੁਹਾਲੀ ਸਥਿਤ ਵਿਜੀਲੈਂਸ ਦਫ਼ਤਰ ਪਹੁੰਚ ਕੇ ਆਪਣੇ ਬਿਆਨ ਦਰਜ ਕਰਵਾਏ ਹਨ ਅਤੇ ਉਨ੍ਹਾਂ ਹਾਈ ਕੋਰਟ ਦੇ ਦੋ ਵਕੀਲਾਂ ਦਾ ਨਾਂ ਲੈ ਕੇ ਨਵੀਂ ਚਰਚਾ ਛੇੜ ਦਿੱਤੀ। ਵਿਜੀਲੈਂਸ ਦਫ਼ਤਰ ਤੋਂ ਬਾਹਰ ਨਿਕਲਣ ਮਗਰੋਂ ਦੋਵੇਂ ਵਿਧਾਇਕਾਂ ਨੇ ਦਾਅਵਾ ਕੀਤਾ ਕਿ ਪੰਜਾਬ ਹਰਿਆਣਾ ਹਾਈ ਕੋਰਟ ਦੇ ਦੋ ਵਕੀਲਾਂ ਨੇ ਉਨ੍ਹਾਂ ਨਾਲ ਸੰਪਰਕ ਕੀਤਾ ਸੀ ਅਤੇ ਭਾਜਪਾ ‘ਚ ਸ਼ਾਮਲ ਹੋਣ ਦੇ ਬਦਲੇ 25-25 ਕਰੋੜ ਦਾ ਆਫ਼ਰ ਦਿੱਤਾ ਸੀ। ਉਥੇ ਹੀ ਸ਼ੀਤਲ ਅੰਗੁਰਾਲ ਵੱਲੋਂ ਵਿਧਾਨ ਸਭਾ ਸੈਸ਼ਨ ਦੌਰਾਨ ਵੀ ਆਪਰੇਸ਼ਨ ਲੋਟਸ ਦਾ ਮੁੱਦਾ ਚੁੱਕਿਆ ਗਿਆ। ਜ਼ਿਕਰਯੋਗ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ਵਿੱਤ ਮੰਤਰੀ ਹਰਪਾਲ ਚੀਮਾ ਅਤੇ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਦੋਸ਼ ਲਗਾ ਚੁੱਕੇ ਹਨ ਕਿ ਭਾਜਪਾ ਪੰਜਾਬ ‘ਚ ਉਨ੍ਹਾਂ ਦੇ ਵਿਧਾਇਕਾਂ ਨੂੰ ਖ਼ਰੀਦਣ ਦੀ ਕੋਸ਼ਿਸ਼ ਕਰ ਰਹੀ ਹੈ। ਇਨ੍ਹਾਂ ਨੇਤਾਵਾਂ ਨੇ ਦਾਅਵਾ ਕੀਤਾ ਸੀ ਕਿ ਖ਼ੁਦ ‘ਆਪ’ ਵਿਧਾਇਕਾਂ ਨੇ ਦੱਸਿਆ ਕਿ ਉਨ੍ਹਾਂ ਨੂੰ ‘ਆਪ’ ਛੱਡ ਕੇ ਭਾਜਪਾ ਜੁਆਇਨ ਕਰਨ ਦੇ ਬਦਲੇ 25-25 ਕਰੋੜ ਰੁਪਏ ਆਫ਼ਰ ਕੀਤੇ ਜਾ ਰਹੇ ਹਨ। ਵਿਧਾਇਕਾਂ ਦੇ ਇਨ੍ਹਾਂ ਦੋਸ਼ਾਂ ਤੋਂ ਬਾਅਦ ਪੰਜਾਬ ਸਰਕਾਰ ਨੇ ਇਸ ਮਾਮਲੇ ਦੀ ਜਾਂਚ ਪੰਜਾਬ ਵਿਜੀਲੈਂਸ ਬਿਊਰੋ ਨੂੰ ਸੌਂਪ ਦਿੱਤੀ ਸੀ। ਪੰਜਾਬ ਵਿਜੀਲੈਂਸ ਬਿਊਰੋ ਇਸ ਕੇਸ ‘ਚ ਅਣਪਛਾਤੇ ਖ਼ਿਲਾਫ਼ ਮਾਮਲਾ ਵੀ ਦਰਜ ਕਰ ਚੁੱਕਾ ਹੈ। ਸੋਮਵਾਰ ਨੂੰ ਇਸੇ ਕੇਸ ਦੇ ਸਿਲਸਿਲੇ ‘ਚ ਆਪ’ ਦੇ ਦੋਵੇਂ ਵਿਧਾਇਕ ਆਪਣੇ ਬਿਆਨ ਦਰਜ ਕਰਵਾਉਣ ਮੁਹਾਲੀ ਪਹੁੰਚੇ। ਇਸ ਦੌਰਾਨ ਸ਼ੀਤਲ ਅੰਗੁਰਾਲ ਨੇ ਕਿਹਾ ਕਿ ਉਨ੍ਹਾਂ ਦੇ ਕੋਲ ਪੰਜਾਬ ਹਰਿਆਣਾ ਹਾਈ ਕੋਰਟ ਦੇ ਦੋ ਵਕੀਲਾਂ ਦਾ ਫੋਨ ਆਇਆ ਸੀ। ਦੋਵੇਂ ਵਕੀਲਾਂ ਨੇ ਕਿਹਾ ਕਿ ਉਹ ਭਾਜਪਾ ਦੇ ਸੰਪਰਕ ‘ਚ ਹਨ ਅਤੇ ਵੱਡੇ ‘ਬਾਬੂਜੀ’ ਅਮਿਤ ਸ਼ਾਹ ਗੱਲ ਕਰਨੀ ਚਾਹੁੰਦੇ ਹਨ। ਸ਼ੀਤਲ ਅੰਗੁਰਾਲ ਅਤੇ ਰਮਨ ਅਰੋੜਾ ਨੇ ਉਨ੍ਹਾਂ ਵਕੀਲਾਂ ਦੇ ਨਾਂ ਨਹੀਂ ਦੱਸੇ ਜਿਨ੍ਹਾਂ ਨੇ ਉਨ੍ਹਾਂ ਨਾਲ ਸੰਪਰਕ ਕੀਤਾ ਸੀ। ਉਨ੍ਹਾਂ ਨੇ ਵਿਜੀਲੈਂਸ ਅਫ਼ਸਰਾਂ ਨੂੰ ਉਹ ਨੰਬਰ ਜ਼ਰੂਰ ਦਿੱਤੇ ਜਿਨ੍ਹਾਂ ਤੋਂ ਉਨ੍ਹਾਂ ਨੂੰ ਫੋਨ ਆਇਆ ਸੀ। ਆਮ ਆਦਮੀ ਪਾਰਟੀ ਦੇ ਦੋਵੇਂ ਵਿਧਾਇਕਾਂ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਇਲਾਵਾ ਹਿਮਾਚਲ ਤੋਂ ਭਾਜਪਾ ਸੰਸਦ ਅਨੁਰਾਗ ਠਾਕੁਰ ਦਾ ਨਾਂ ਵੀ ਲਿਆ। ਯਾਦ ਰਹੇ ਕਿ ਆਮ ਆਦਮੀ ਪਾਰਟੀ ਦੇ 10 ਵਿਧਾਇਕਾਂ ਨੇ ਆਪਰੇਸ਼ਨ ਲੋਟਸ ਦੇ ਤਹਿਹ ਮੁਹਾਲੀ ਦੇ ਸਟੇਟ ਕ੍ਰਾਈਮ ਥਾਣੇ ‘ਚ ਐੱਫ.ਆਈ.ਆਰ. ਵੀ ਦਰਜ ਕਰਵਾਈ ਸੀ। ਪੰਜਾਬ ਸਰਕਾਰ ਨੇ ਆਪਰੇਸ਼ਨ ਲੋਟਸ ਦੇ ਤਹਿਤ ਪਹਿਲਾਂ ਆਪ ਦੇ 25 ਵਿਧਾਇਕਾਂ ਨੂੰ ਭਾਜਪਾ ‘ਚ ਸ਼ਾਮਲ ਹੋਣ ਲਈ 25-25 ਕਰੋੜ ਰੁਪਏ ਦੇ ਆਫ਼ਰ ਦੀ ਗੱਲ ਕਹੀ ਗਈ ਸੀ ਪਰ ਮਾਮਲੇ ‘ਚ ਜਦੋਂ ਐੱਫ.ਆਈ.ਆਰ. ਦਰਜ ਕਰਵਾਈ ਗਈ ਤਾਂ ਸ਼ਿਕਾਇਤ 10 ਹੀ ਵਿਧਾਇਕ ਬਣੇ ਸਨ।