ਆਮ ਆਦਮੀ ਪਾਰਟੀ ਨੇ ਹੁਣ ਭਾਰਤੀ ਜਨਤਾ ਪਾਰਟੀ ਨਾਲ ਸਿੱਧੀ ਲੜਾਈ ਦਾ ਮਨ ਬਣਾ ਲਿਆ ਲੱਗਦਾ ਹੈ ਤਾਂਹੀਓਂ ਤਾਂ ‘ਆਪ’ ਦੇ ਵਿਧਾਇਕਾਂ ਨੂੰ 25-25 ਕਰੋੜ ‘ਚ ਖਰੀਦ ਕੇ ਸਰਕਾਰ ਤੋੜਨ ਦੀ ਸਾਜਿਸ਼ ਦੇ ਦੋਸ਼ ਲਾਉਣ ਤੋਂ ਬਾਅਦ ਬੁੱਧਵਾਰ ਨੂੰ ਇਕ ਕਦਮ ਹੋਰ ਅਗਾਂਹ ਪੁੱਟ ਲਿਆ ਗਿਆ। ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ‘ਆਪਰੇਸ਼ਨ ਲੋਟਸ’ ਤਹਿਤ ਅਜਿਹੇ ਦੋਸ਼ ਲਾਉਣ ਤੋਂ ਬਾਅਦ ਅੱਜ ਇਨ੍ਹਾਂ ਗਿਆਰਾਂ ਵਿਧਾਇਕਾਂ ਦੇ ਨਾਂ ਵੀ ਜਨਤਕ ਕੀਤੇ ਗਏ। ਇੰਨਾ ਹੀ ਨਹੀਂ ਇਨ੍ਹਾਂ ਵਿਧਾਇਕਾਂ ਨੂੰ ਨਾਲ ਲੈ ਕੇ ਵਿੱਤ ਮੰਤਰੀ ਚੀਮਾ ਨੇ ਪੰਜਾਬ ਪੁਲੀਸ ਦੇ ਮੁਖੀ ਨੂੰ ਇਕ ਸ਼ਿਕਾਇਤ ਵੀ ਦਿੱਤੀ। ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਭਾਜਪਾ ਨੇ ‘ਆਪਰੇਸ਼ਨ ਲੋਟਸ’ ਤਹਿਤ ਸਾਡੇ 10 ਵਿਧਾਇਕਾਂ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਹੈ। ਇਨ੍ਹਾਂ ਵਿਧਾਇਕਾਂ ਨੂੰ 25-25 ਕਰੋੜ ਰੁਪਏ ਦੀ ਪੇਸ਼ਕਸ਼ ਕੀਤੀ ਗਈ ਹੈ। ‘ਆਪ’ ਦੇ ਇਕ ਦਰਜਨ ਵਿਧਾਇਕਾਂ ਨੂੰ ਨਾਲ ਲੈ ਕੇ ਉਹ ਡੀ.ਜੀ.ਪੀ. ਪੰਜਾਬ ਨੂੰ ਸ਼ਿਕਾਇਤ ਕਰਨ ਪਹੁੰਚੇ ਅਤੇ ਭਾਜਪਾ ਆਗੂਆਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ। ਵਿੱਤ ਮੰਤਰੀ ਨੇ ਕਿਹਾ ਕਿ ਭਾਜਪਾ ਨੇ ਆਪਰੇਸ਼ਨ ਲੋਟਸ ਤਹਿਤ ਕਰਨਾਟਕ, ਗੋਆ, ਅਰੁਨਾਚਲ ਪ੍ਰਦੇਸ਼ ‘ਚ ਵਿਧਾਇਕਾਂ ਦੀ ਖਰੀਦੋ-ਫਰੋਖਤ ਕੀਤੀ। ਉਸ ਤੋਂ ਬਾਅਦ ਦਿੱਲੀ ਵਿੱਚ ‘ਆਪ’ ਦੀ ਸਰਕਾਰ ਡੇਗਣ ਦੀ ਕੋਸ਼ਿਸ਼ ਕੀਤੀ ਪਰ ਕਾਮਯਾਬ ਨਾ ਹੋ ਸਕੀ। ਹੁਣ ਪੰਜਾਬ ‘ਚ ਕੋਸਿਸ਼ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਭਾਜਪਾ ਨੇ ‘ਆਪ’ ਦੇ 35 ਵਿਧਾਇਕਾਂ ਨੂੰ ਤੋੜਨ ਲਈ ਯਤਨ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਫੋਨ ਕਰਨ ਵਾਲੇ ਪੰਜਾਬ ਤੇ ਕੇਂਦਰ ਨਾਲ ਸਬੰਧਤ ਭਾਜਪਾ ਆਗੂ ਹਨ। ਇਸ ਦੇ ਨਾਲ ਹੀ ਇਕ ਵਿਧਾਇਕ ਨੂੰ ਜਾਨੋਂ ਮਾਰਨ ਦੀ ਧਮਕੀ ਵੀ ਦਿੱਤੀ ਹੈ। ਇਨ੍ਹਾਂ ਵਿਧਾਇਕਾਂ ‘ਚ ਦਿਨੇਸ਼ ਚੱਢਾ, ਰਮਨ ਅਰੋੜਾ, ਬੁੱਧ ਰਾਮ, ਕੁਲਵੰਤ ਪੰਡੋਰੀ, ਨਰਿੰਦਰ ਕੌਰ ਭਰਾਜ, ਰਜਨੀਸ਼ ਦਹੀਆ, ਰੁਪਿੰਦਰ ਸਿੰਘ ਹੈਪੀ, ਸ਼ੀਤਲ ਅੰਗੁਰਾਲ, ਮਨਜੀਤ ਸਿੰਘ ਬਿਲਾਸਪੁਰ, ਲਾਭ ਸਿੰਘ ਉਗੋਕੋ ਅਤੇ ਬਲਜਿੰਦਰ ਕੌਰ ਸ਼ਾਮਲ ਹਨ। ਵਿੱਤ ਮੰਤਰੀ ਚੀਮਾ ਨਾਲ ਡਿਪਟੀ ਸਪੀਕਰ ਜੈ ਕਿਸ਼ਨ ਰੋੜੀ ਵੀ ਸਨ ਜਿਨ੍ਹਾਂ ਨੇ ਦੋਸ਼ ਲਾਇਆ ਕਿ ਵਿਧਾਇਕ ਸ਼ੀਤਲ ਅੰਗੁਰਾਲ ਨੂੰ ਤਾਂ ਮੰਗਲਵਾਰ ਦੀ ਪ੍ਰੈੱਸ ਕਾਨਫੰਰਸ ਤੋਂ ਬਾਅਦ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਉਹ ਇਕੱਲੇ ਨਹੀਂ ਹਨ, ਕੁਝ ਹੋਰਨਾਂ ਵਿਧਾਇਕਾਂ ਨੂੰ ਭਾਜਪਾ ਦੇ ਏਜੰਟਾਂ ਨੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਹਨ। ਉਨ੍ਹਾਂ ਦੋਸ਼ ਲਾਇਆ ਕਿ ਭਾਜਪਾ ਨੇ ‘ਆਪ’ ਦੇ 35 ਵਿਧਾਇਕਾਂ ਤਕ ਪਹੁੰਚ ਕੀਤੀ ਤੇ ਇਨ੍ਹਾਂ ਵਿੱਚੋਂ 10 ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਹਨ। ਇਸ ਦੇ ਜਵਾਬ ‘ਚ ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਇਨ੍ਹਾਂ ਦੋਸ਼ਾਂ ਨੂੰ ਕੋਰਾ ਝੂਠ ਦੱਸਦਿਆਂ ਕਿਹਾ ਕਿ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਨ ਦੀ ਥਾਂ ਜ਼ਿੰਮੇਵਾਰੀ ਤੋਂ ਭੱਜਣ ਲਈ ‘ਆਪ’ ਸਰਕਾਰ ਅਜਿਹੇ ਬਹਾਨੇ ਤਲਾਸ਼ ਰਹੀ ਹੈ। ਉਨ੍ਹਾਂ ਚੈਲੰਜ ਕੀਤਾ ਕਿ ਆਮ ਆਦਮੀ ਪਾਰਟੀ ਸਰਕਾਰ ਤੇ ਆਗੂ ਇਸ ਸਬੰਧੀ ਸਬੂਤ ਪੇਸ਼ ਕਰਨ।