ਆਂਧਰਾ ਪ੍ਰਦੇਸ਼ ਦੇ ਨੇਲੋਰ ਜ਼ਿਲ੍ਹੇ ਦੇ ਕੰਦੂਕੁਰ ‘ਚ ਟੀ.ਡੀ.ਪੀ. ਮੁਖੀ ਚੰਦਰਬਾਬੂ ਨਾਇਡੂ ਦੇ ਰੋਡ ਸ਼ੋਅ ਦੌਰਾਨ ਮਚੀ ਹਫੜਾ-ਦਫੜੀ ‘ਚ 7 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ। ਇਸ ਤੋਂ ਇਲਾਵਾ ਕਈ ਲੋਕ ਜ਼ਖਮੀ ਦੱਸੇ ਜਾ ਰਹੇ ਹਨ। ਨਾਇਡੂ ਆਪਣੀ ਪਾਰਟੀ ਦੇ ਪ੍ਰਚਾਰ ਦੇ ਹਿੱਸੇ ਵਜੋਂ ਜ਼ਿਲ੍ਹੇ ਦਾ ਦੌਰਾ ਕਰ ਰਹੇ ਸਨ ਅਤੇ ਹਜ਼ਾਰਾਂ ਸਮਰਥਕ ਉਨ੍ਹਾਂ ਦੇ ਸਵਾਗਤ ਲਈ ਕੰਦੂਕੁਰ ਵਿਖੇ ਇਕੱਠੇ ਹੋਏ ਸਨ। ਰੋਡ ਸ਼ੋਅ ਦੌਰਾਨ ਹੋਈ ਜਨ ਸਭਾ ‘ਚ ਵੱਡੀ ਭੀੜ ਹੋਣ ਕਾਰਨ ਹਫੜਾ-ਦਫੜੀ ਵਾਲੀ ਸਥਿਤੀ ਬਣ ਗਈ ਜਿਸ ‘ਚ 7 ਲੋਕਾਂ ਦੀ ਜਾਨ ਚਲੀ ਗਈ। ਆਂਧਰਾ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਚੰਦਰਬਾਬੂ ਨਾਇਡੂ ਨੇ ਇਸ ਦਰਦਨਾਕ ਘਟਨਾ ‘ਤੇ ਦੁੱਖ ਪ੍ਰਗਟ ਕੀਤਾ ਅਤੇ ਘਟਨਾ ਤੋਂ ਬਾਅਦ ਰੋਡ ਸ਼ੋਅ ਅੱਧ-ਵਿਚਾਲੇ ਛੱਡ ਕੇ ਹਸਪਤਾਲ ਚਲੇ ਗਏ, ਜਿੱਥੇ ਜ਼ਖ਼ਮੀਆਂ ਨੂੰ ਦਾਖਲ ਕਰਵਾਇਆ ਗਿਆ ਹੈ। ਉਨ੍ਹਾਂ ਹਾਦਸੇ ‘ਚ ਮਾਰੇ ਗਏ ਲੋਕਾਂ ਦੇ ਵਾਰਿਸਾਂ ਨੂੰ 10 ਲੱਖ ਰੁਪਏ ਦੀ ਵਿੱਤੀ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ। ਦੱਸਦੇਈਏ ਕਿ ਇਹ ਘਟਨਾ ਕੰਦੂਕੁਰ ‘ਚ ਈਦਮੀ ਖਰਮਾ ਪ੍ਰੋਗਰਾਮ ਤਹਿਤ ਐੱਨ.ਟੀ.ਆਰ. ਸਰਕਲ ‘ਚ ਚੱਲ ਰਹੇ ਪ੍ਰੋਗਰਾਮ ਦੌਰਾਨ ਵਾਪਰੀ। ਰਿਪੋਰਟਾਂ ਮੁਤਾਬਕ ਕੰਦੂਕੁਰ ‘ਚ ਦਮ ਘੁੱਟਣ ਨਾਲ ਇਕ ਦੀ ਮੌਤ ਹੋ ਗਈ, ਜਦਕਿ ਦੂਜੇ ਦੀ ਸਾਈਡ ਨਹਿਰ ‘ਚ ਡਿੱਗਣ ਨਾਲ ਮੌਤ ਹੋ ਗਈ। ਇਸ ਤੋਂ ਇਲਾਵਾ ਜਨਤਕ ਮੀਟਿੰਗ ‘ਚ ਸ਼ਾਮਲ 5 ਹੋਰ ਲੋਕਾਂ ਦੀ ਵੀ ਜਾਨ ਚਲੀ ਗਈ।