ਇਕ ਆਤਮਘਾਤੀ ਹਮਲਾਵਰ ਨੇ ਦੱਖਣੀ ਸੋਮਾਲੀਆ ’ਚ ਇਕ ਸਰਕਾਰੀ ਇਮਾਰਤ ਦੇ ਐਂਟਰੀ ਗੇਟ ’ਤੇ ਧਮਾਕਾ ਕਰਕੇ ਖੁਦ ਨੂੰ ਉਡਾ ਲਿਆ ਜਿਸ ’ਚ 11 ਲੋਕਾਂ ਦੀ ਮੌਤ ਹੋ ਗਈ। ਲੋਅਰ ਸ਼ਾਹਬੇਲੇ ਖੇਤਰ ਦੇ ਮਾਰਕਾ ਸ਼ਹਿਰ ਪ੍ਰਸ਼ਾਸਨ ਦੇ ਜਨਰਲ ਸਕੱਤਰ ਮੁਹੰਮਦ ਉਸਮਾਨ ਯਾਰੀਸੋਵ ਨੇ ਦੱਸਿਆ ਕਿ ਜ਼ਿਲ੍ਹਾ ਕਮਿਸ਼ਨਰ ਅਬਦੀਲਾਹੀ ਅਲੀ ਵਾਫੋਵ ਹਮਲੇ ’ਚ ਮਾਰੇ ਗਏ ਲੋਕਾਂ ’ਚ ਸ਼ਾਮਲ ਹੈ। ਯਾਰੀਸੋਵ ਨੇ ਦੱਸਿਆ ਕਿ ਅਸੀਂ ਜ਼ਿਲ੍ਹਾ ਹੈੱਡਕੁਆਰਟਰ ’ਚ ਬੈਠਕ ਖਤਮ ਕੀਤੀ ਸੀ, ਬਾਹਰ ਵੱਲ ਜਾ ਰਹੇ ਸੀ ਅਤੇ ਅਸੀਂ ਦੇਖਿਆ ਕਿ ਇਕ ਅਣਜਾਣ ਵਿਅਕਤੀ ਸਾਡੇ ਵੱਲ ਆ ਰਿਹਾ ਹੈ ਅਤੇ ਫਿਰ ਉਸ ਨੇ ਧਮਾਕਾ ਕਰਕੇ ਖੁਦ ਨੂੰ ਉਡਾ ਲਿਆ। ਉਨ੍ਹਾਂ ਦੱਸਿਆ ਕਿ ਹਮਲੇ ’ਚ ਕਮਿਸ਼ਨਰ ਦਾ ਸੁਰੱਖਿਆ ਕਰਮਚਾਰੀ, ਬਜ਼ੁਰਗ ਅਤੇ ਮਹਿਲਾ ਵੀ ਮਾਰੀ ਗਈ। ਅੱਤਵਾਦੀ ਸੰਗਠਨ ਅਲ ਸ਼ਬਾਬ ਨੇ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਮਾਰਕਾ ਰਾਜਧਾਨੀ ਮੋਗਾਦਿਸ਼ੂ ਤੋਂ 100 ਕਿਲੋਮੀਟਰ ਦੱਖਣ ’ਚ ਹੈ। ਚਸ਼ਮਦੀਦ ਹਸਨ ਅਬਦੁੱਲਾਹੀ ਨੇ ਵੀ ਘਟਨਾ ਦੀ ਪੁਸ਼ਟੀ ਕੀਤੀ ਅਤੇ ਦੱਸਿਆ ਕਿ ਜ਼ਿਲ੍ਹਾ ਕਮਿਸ਼ਨਰ ਸਮੇਤ 11 ਲੋਕਾਂ ਦੀ ਮੌਤ ਹੋ ਗਈ। ਉਸ ਨੇ ਕਿਹਾ ਕਿ ਮੈਂ ਤੇਜ਼ ਧਮਾਕੇ ਦੀ ਆਵਾਜ਼ ਸੁਣੀ ਅਤੇ ਘਟਨਾ ਵਾਲੀ ਥਾਂ ਵੱਲ ਦੌਡ਼ਿਆ।