ਫਿਰੋਜ਼ਪੁਰ ਵਿਖੇ ਸਾਰਾਗੜ੍ਹੀ ਦੇ ਸ਼ਹੀਦਾਂ ਦੀ ਯਾਦ ‘ਚ ਰੱਖੇ ਸਮਾਗਮ ‘ਚ ਪਹੁੰਚੇ ਕੈਬਨਿਟ ਮੰਤਰੀ ਫੌਜਾ ਸਿੰਘ ਸਰਾਰੀ ਨੂੰ ਲੋਕਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਨੂੰ ਗਾਰਡੀਅਨ ਆਫ਼ ਗਵਰਨੈਂਸ (ਜੀ.ਓ.ਜੀ.) ਵੱਲੋਂ ਵੀ ਕਾਲੀਆਂ ਝੰਡੀਆਂ ਦਿਖਾਈਆਂ ਗਈ। ਵੱਡੀ ਗਿਣਤੀ ‘ਚ ਪੁਲੀਸ ਮੁਲਾਜ਼ਮ ਤਾਇਨਾਤ ਹੋਣ ਦੇ ਬਾਵਜੂਦ ਕੈਬਨਿਟ ਮੰਤਰੀ ਦਾ ਵਿਰੋਧ ਹੋਇਆ ਜਿਸ ਕਰਕੇ ਉਨ੍ਹਾਂ ਕਾਰ ‘ਚ ਬੈਠ ਕੇ ਮੁੜਨਾ ਪਿਆ। ਗਾਰਡੀਅਨ ਆਫ਼ ਗਵਰਨੈਂਸ ਵਜੋਂ ਭਰਤੀ ਕੀਤੇ ਗਏ ਸਾਬਕਾ ਫੌਜੀਆਂ ਨੇ ਪਹਿਲਾਂ ਤਾਂ ਕੈਬਨਿਟ ਮੰਤਰੀ ਦੀ ਆਮਦ ‘ਤੇ ਕਾਲੀਆਂ ਝੰਡੀਆਂ ਨਾਲ ਉਨ੍ਹਾਂ ਦਾ ਵਿਰੋਧ ਕੀਤਾ ਤੇ ਬਾਅਦ ‘ਚ ਉਨ੍ਹਾਂ ਦੇ ਸੰਬੋਧਨ ਦੌਰਾਨ ਪੰਡਾਲ ਵਿੱਚੋਂ ਉੱਠ ਕੇ ਬਾਹਰ ਚਲੇ ਗਏ। ਮੁੱਖ ਮਹਿਮਾਨ ਦੀ ਆਮਦ ਮੌਕੇ ਪੁਲੀਸ ਨੂੰ ਕੈਬਨਿਟ ਮੰਤਰੀ ਦੀ ਗੱਡੀ ਨਿਰਧਾਰਤ ਗੇਟ ਦੀ ਬਜਾਏ ਦੂਜੇ ਗੇਟ ਤੋਂ ਅੰਦਰ ਲਿਜਾਣੀ ਪਈ। ਇਸ ਦੌਰਾਨ ਪੁਲੀਸ ਅਤੇ ਜੀ.ਓ.ਜੀ. ਵਿਚਾਲੇ ਤਿੱਖੀ ਬਹਿਸ ਹੋਈ ਤੇ ਜ਼ਿਲ੍ਹਾ ਪੁਲੀਸ ਮੁਖੀ ਸੁਰੇਂਦਰ ਲਾਂਬਾ ਵੀ ਤਲਖ਼ ਲਹਿਜ਼ੇ ‘ਚ ਗੱਲ ਕਰਦੇ ਨਜ਼ਰ ਆਏ। ਜ਼ਿਕਰਯੋਗ ਕਿ ਜੀ.ਓ.ਜੀ. ਦੇ ਮੁਲਾਜ਼ਮ ਪੰਜਾਬ ਸਰਕਾਰ ਵੱਲੋਂ ਨੌਕਰੀ ਤੋਂ ਹਟਾਏ ਜਾਣ ਖ਼ਿਲਾਫ਼ ਰੋਸ ਪ੍ਰਗਟ ਕਰ ਰਹੇ ਸਨ। ਦੂਜੇ ਪਾਸੇ ਸੋਸ਼ਲ ਮੀਡੀਆ ‘ਤੇ ਵਾਇਰਲ ਆਡੀਓ ਸਬੰਧੀ ਪੱਤਰਕਾਰਾਂ ਵੱਲੋਂ ਸਵਾਲਾਂ ਦਾ ਜਵਾਬ ਦਿੱਤੇ ਬਿਨਾਂ ਹੀ ਮੰਤਰੀ ਸਰਾਰੀ ਉਥੋਂ ਚਲੇ ਗਏ। ਕੈਬਨਿਟ ਮੰਤਰੀ ਦੇ ਗੰਨਮੈਨਾਂ ਨੇ ਮੀਡੀਆ ਨਾਲ ਬਦਸਲੂਕੀ ਵੀ ਕੀਤੀ। ਜ਼ਿਕਰਯੋਗ ਹੈ ਕਿ ਦੋ ਦਿਨ ਪਹਿਲਾਂ ਹੀ ਉਕਤ ਮੰਤਰੀ ਇਕ ਆਡੀਓ ਵਾਇਰਲ ਹੋਈ ਹੈ ਜਿਸ ‘ਚ ਉਹ ਤਰਸੇਮ ਲਾਲ ਨਾਂ ਦੇ ਵਿਅਕਤੀ, ਜਿਹੜਾ ਕੁਝ ਸਮਾਂ ਪਹਿਲਾਂ ਤੱਕ ਉਨ੍ਹਾਂ ਦਾ ਸਾਥੀ ਰਿਹਾ, ਨਾਲ ਇਕ ਮਾਮਲੇ ‘ਚ ਨਾਜਾਇਜ਼ ਰੁਪਏ ਵਸੂਲਣ ਬਾਰੇ ਗੱਲਬਾਤ ਕਰਦੇ ਹਨ। ਇਸ ਤੋਂ ਪਹਿਲਾਂ ਸਾਰਾਗੜ੍ਹੀ ਦੀ ਲੜਾਈ ਦੌਰਾਨ ਸ਼ਹੀਦ ਹੋਣ ਵਾਲੇ ਸਿੱਖ ਰੈਜੀਮੈਂਟ ਦੇ 21 ਬਹਾਦਰ ਜਵਾਨਾਂ ਦੀ ਯਾਦ ‘ਚ ਗੁਰਦੁਆਰਾ ਸਾਰਾਗੜ੍ਹੀ ‘ਚ ਰਾਜ ਪੱਧਰੀ ਸਮਾਗਮ ਕੀਤਾ ਗਿਆ ਜਿਸ ‘ਚ ਕੈਬਨਿਟ ਮੰਤਰੀ ਫੌਜਾ ਸਿੰਘ ਸਰਾਰੀ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਕੈਬਨਿਟ ਮੰਤਰੀ ਨੇ ਸ਼ਹੀਦੀ ਸਮਾਰਕ ਤੇ ਨਤਮਸਤਕ ਹੋ ਕੇ ਸ਼ਹੀਦ ਜਵਾਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਜੀ.ਓ.ਜੀ. ਨੇ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਨਾਲ ਸਬੰਧਤ ਸਕੀਮ ਬੰਦ ਕਰਨ ਖ਼ਿਲਾਫ਼ ਸੰਗਰੂਰ ‘ਚ ਵੀ ਹਾਈਵੇ ‘ਤੇ ਧਰਨਾ ਦਿੱਤਾ ਤੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਸਾਬਕਾ ਸੈਨਿਕਾਂ ਵਲੋਂ ਦਿੱਲੀ-ਲੁਧਿਆਣਾ ਹਾਈਵੇ ‘ਤੇ ਰੋਸ ਧਰਨਾ ਦੇਣ ਦੌਰਾਨ ਕਰੀਬ ਇਕ ਘੰਟਾ ਆਵਾਜਾਈ ਠੱਪ ਰਹੀ। ਇਸ ਮਗਰੋਂ ਰੋਸ ਮਾਰਚ ਕੀਤਾ ਗਿਆ।