ਕਰਨਾਟਕ ਦੇ ਬੀਦਰ ‘ਚ ਚਿੱਟਾਗੁੱਪਾ ਤਾਲੁਕ ਦੇ ਇਕ ਪਿੰਡ ‘ਚ ਸ਼ੁੱਕਰਵਾਰ ਦੇਰ ਰਾਤ ਇਕ ਭਿਆਨਕ ਹਾਦਸਾ ਵਾਪਰਿਆ। ਇਕ ਆਟੋ ਰਿਕਸ਼ਾ ਅਤੇ ਟਰੱਕ ਵਿਚਾਲੇ ਆਹਮਣੇ-ਸਾਹਮਣੇ ਦੀ ਟੱਕਰ ‘ਚ 7 ਔਰਤਾਂ ਦੀ ਮੌਤ ਹੋ ਗਈ ਅਤੇ 11 ਹੋਰ ਜ਼ਖ਼ਮੀ ਹੋ ਗਏ। ਇਹ ਔਰਤਾਂ ਮਜ਼ਦੂਰ ਸਨ ਅਤੇ ਕੰਮ ਤੋਂ ਬਾਅਦ ਆਟੋ ਰਿਕਸ਼ਾ ‘ਤੇ ਘਰ ਪਰਤ ਰਹੀਆਂ ਸਨ। ਆਟੋ ਰਿਕਸ਼ਾ ਦੀ ਬਰਮਾਲਖੇੜਾ ਸਰਕਾਰੀ ਸਕੂਲ ਨੇੜੇ ਟਰੱਕ ਨਾਲ ਟੱਕਰ ਹੋ ਗਈ। ਪੁਲੀਸ ਨੇ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ ਪਾਰਬਤੀ (40), ਪ੍ਰਭਾਵਤੀ (36), ਗੁੰਡੰਮਾ (60), ਯਦੰਮਾ (40), ਜਗੰਮਾ (34), ਈਸ਼ਵਰੰਮਾ (55) ਅਤੇ ਰੂਕਮਣੀ ਬਾਈ (60) ਵਜੋਂ ਹੋਈ ਹੈ। ਪੁਲੀਸ ਨੇ ਦੱਸਿਆ ਕਿ ਹਾਦਸੇ ‘ਚ ਜ਼ਖ਼ਮੀ ਹੋਏ 11 ਲੋਕਾਂ ‘ਚ ਦੋਵੇਂ ਵਾਹਨ ਦੇ ਡਰਾਈਵਰ ਵੀ ਸ਼ਾਮਲ ਹਨ। ਜ਼ਖ਼ਮੀਆਂ ‘ਚੋਂ ਦੋ ਦੀ ਹਾਲਤ ਗੰਭੀਰ ਹੈ। ਮਾਮਲਾ ਦਰਜ ਕਰ ਲਿਆ ਗਿਆ ਹੈ।