ਇੰਡੀਆ ਦੀ ਸਟਾਰ ਖਿਡਾਰਨ ਸਾਨੀਆ ਮਿਰਜ਼ਾ ਅਤੇ ਉਸ ਦੇ ਜੋੜੀਦਾਰ ਹਮਵਤਨ ਰੋਹਨ ਬੋਪੰਨਾ ਨੂੰ ਸ਼ੁੱਕਰਵਾਰ ਨੂੰ ਆਸਟਰੇਲੀਅਨ ਓਪਨ ਟੈਨਿਸ ਟੂਰਨਾਮੈਂਟ ‘ਚ ਮਿਕਸਡ ਡਬਲਜ਼ ‘ਚ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਤਰ੍ਹਾਂ ਸਾਨੀਆ ਦਾ ਆਪਣੇ ਗਰੈਂਡ ਸਲੈਮ ਕਰੀਅਰ ਦਾ ਅੰਤ ਖ਼ਿਤਾਬ ਨਾਲ ਕਰਨ ਦਾ ਸੁਫ਼ਨਾ ਪੂਰਾ ਨਹੀਂ ਹੋ ਸਕਿਆ। ਸਾਨੀਆ ਅਤੇ ਬੋਪੰਨਾ ਦੀ ਗੈਰ ਦਰਜਾ ਪ੍ਰਾਪਤ ਜੋੜੀ ਰੋਡੇ ਲੇਵਰ ਏਰੇਨਾ ‘ਚ ਖੇਡੇ ਗਏ ਫਾਈਨਲ ‘ਚ ਲੁਈਸਾ ਸਟੇਫਨੀ ਅਤੇ ਰਾਫੇਲ ਮਾਟੋਸ ਦੀ ਬ੍ਰਾਜ਼ੀਲੀਅਨ ਜੋੜੀ ਤੋਂ 6-7 (2) 2-6 ਨਾਲ ਹਾਰ ਗਈ। ਖੇਡ ਦੀ ਸਮਾਪਤੀ ਤੋਂ ਬਾਅਦ ਸਾਨੀਆ ਨੇ ਬ੍ਰਾਜ਼ੀਲ ਦੀ ਜੋੜੀ ਨੂੰ ਜਿੱਤ ਲਈ ਵਧਾਈ ਦਿੱਤੀ, ਪਰ ਜਦੋਂ ਉਹ ਆਪਣੇ ਸਫ਼ਰ ਬਾਰੇ ਬੋਲਣ ਲੱਗੀ ਤਾਂ ਟੈਨਿਸ ਸਟਾਰ ਆਪਣੇ ਹੰਝੂ ਰੋਕ ਨਹੀਂ ਸਕੀ। ਭਾਵੁਕ ਸਾਨੀਆ ਨੇ ਕਿਹਾ, ‘ਜੇਕਰ ਮੈਂ ਰੋਂਦੀ ਹਾਂ ਤਾਂ ਇਹ ਖੁਸ਼ੀ ਦੇ ਹੰਝੂ ਹਨ। ਇਹ ਸਿਰਫ਼ ਇਕ ਡਿਸਕਲੈਮਰ ਹੈ। ਮੈਂ ਅਜੇ ਵੀ ਕੁਝ ਹੋਰ ਟੂਰਨਾਮੈਂਟ ਖੇਡਣ ਜਾ ਰਹੀ ਹਾਂ ਪਰ ਮੇਰੇ ਪੇਸ਼ੇਵਰ ਕਰੀਅਰ ਦਾ ਮੇਰਾ ਸਫ਼ਰ ਮੈਲਬੌਰਨ ‘ਚ ਸ਼ੁਰੂ ਹੋਇਆ ਸੀ। ਮੈਂ ਆਪਣੇ ਗਰੈਂਡ ਸਲੈਮ ਕਰੀਅਰ ਨੂੰ ਖਤਮ ਕਰਨ ਲਈ ਇਸ ਤੋਂ ਬਿਹਤਰ ਜਗ੍ਹਾ ਬਾਰੇ ਨਹੀਂ ਸੋਚ ਸਕਦੀ ਸੀ। ਮੈਨੂੰ ਇਥੇ ਘਰ ਵਾਂਗ ਮਹਿਸੂਸ ਕਰਾਉਣ ਲਈ ਤੁਹਾਡਾ ਧੰਨਵਾਦ। ਜਦੋਂ ਮੈਂ 14 ਸਾਲ ਦੀ ਸੀ ਰੋਹਨ ਮੇਰਾ ਪਹਿਲਾ ਮਿਕਸਡ ਡਬਲਜ਼ ਪਾਰਟਨਰ ਸੀ ਅਤੇ ਅਸੀਂ ਨੈਸ਼ਨਲਜ਼ ਜਿੱਤੇ, ਇਹ 22 ਸਾਲ ਪਹਿਲਾਂ ਦੀ ਗੱਲ ਹੈ ਅਤੇ ਮੈਂ ਇਸ ਤੋਂ ਬਿਹਤਰ ਵਿਅਕਤੀ ਬਾਰੇ ਨਹੀਂ ਸੋਚ ਸਕਦੀ ਸੀ, ਉਹ ਮੇਰਾ ਸਭ ਤੋਂ ਵਧੀਆ ਦੋਸਤ ਹੈ।’ ਉਨ੍ਹਾਂ ਨੇ ਆਪਣੇ ਕਰੀਅਰ ‘ਚ 6 ਗਰੈਂਡ ਸਲੈਮ ਖ਼ਿਤਾਬ ਜਿੱਤੇ ਹਨ। ਸਾਨੀਆ ਨੇ ਆਪਣੇ ਕਰੀਅਰ ‘ਚ ਤਿੰਨ ਮਹਿਲਾ ਡਬਲਜ਼ ਅਤੇ ਇੰਨੇ ਹੀ ਮਿਕਸਡ ਡਬਲਜ਼ ਗਰੈਂਡ ਸਲੈਮ ਖ਼ਿਤਾਬ ਜਿੱਤੇ ਹਨ। 42 ਸਾਲਾ ਬੋਪੰਨਾ ਨੇ ਫਰੈਂਚ ਓਪਨ ਦੇ ਰੂਪ ‘ਚ ਮਿਕਸਡ ਡਬਲਜ਼ ‘ਚ ਇਕ ਗਰੈਂਡ ਸਲੈਮ ਖ਼ਿਤਾਬ ਜਿੱਤਿਆ ਹੈ।