ਮੁੰਬਈ ਇੰਡੀਅਨਜ਼ ਨੇ ਆਈ.ਪੀ.ਐੱਲ. 2023 ‘ਚ ਪਹਿਲੀ ਜਿੱਤ ਦਰਜ ਕੀਤੀ ਉਹ ਵੀ ਆਖਰੀ ਗੇਂਦ ‘ਤੇ। ਮੁੰਬਈ ਇੰਡੀਅਨਜ਼ ਨੇ ਦਿੱਲੀ ਕੈਪੀਟਲਸ ਨੂੰ ਇਸ ਮੈਚ ‘ਚ 6 ਵਿਕਟਾਂ ਨਾਲ ਹਰਾਇਆ। ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਦਿੱਲੀ ਨੇ 173 ਦੌੜਾਂ ਦਾ ਟੀਚਾ ਰੱਖਿਆ ਸੀ ਜਿਸ ਦੇ ਜਵਾਬ ‘ਚ ਮੁੰਬਈ ਨੇ ਆਖਰੀ ਗੇਂਦ ‘ਤੇ ਇਹ ਟੀਚਾ ਹਾਸਲ ਕਰ ਲਿਆ। ਮੁੰਬਈ ਨੂੰ ਆਖ਼ਰੀ ਗੇਂਦ ‘ਤੇ ਦੋ ਦੌੜਾਂ ਦੀ ਲੋੜ ਸੀ, ਜਿਸ ‘ਤੇ ਟਿਮ ਡੇਵਿਡ ਨੇ ਦੋ ਦੌੜਾਂ ਬਣਾ ਕੇ ਮੁੰਬਈ ਨੂੰ ਜਿੱਤ ਦਿਵਾਈ। ਇਸ ਦੇ ਨਾਲ ਆਈ.ਪੀ.ਐੱਲ. 2023 ‘ਚ, ਮੁੰਬਈ ਨੇ ਪਹਿਲੀਆਂ ਦੋ ਹਾਰਾਂ ਤੋਂ ਬਾਅਦ ਟੂਰਨਾਮੈਂਟ ‘ਚ ਆਪਣੀ ਪਹਿਲੀ ਜਿੱਤ ਦਰਜ ਕੀਤੀ, ਜਦੋਂ ਕਿ ਦਿੱਲੀ ਨੇ ਅਜੇ ਆਪਣਾ ਖਾਤਾ ਨਹੀਂ ਖੋਲ੍ਹਿਆ ਹੈ। ਆਈ.ਪੀ.ਐੱਲ. 2023 ‘ਚ ਦਿੱਲੀ ਦੀ ਇਹ ਲਗਾਤਾਰ ਚੌਥੀ ਹਾਰ ਹੈ। ਮੁੰਬਈ ਵਲੋਂ ਮਿਲੇ ਟੀਚੇ ਦਾ ਪਿੱਛਾ ਕਰਦੇ ਹੋਏ ਕਪਤਾਨ ਰੋਹਿਤ ਸ਼ਰਮਾ ਨੇ 45 ਗੇਂਦਾਂ ‘ਤੇ 6 ਚੌਕਿਆਂ ਅਤੇ 4 ਛੱਕਿਆਂ ਦੀ ਮਦਦ ਨਾਲ 65 ਦੌੜਾਂ ਦੀ ਪਾਰੀ ਖੇਡੀ। ਉਸ ਤੋਂ ਇਲਾਵਾ ਤਿਲਕ ਵਰਮਾ ਨੇ ਵੀ 1 ਚੌਕੇ ਅਤੇ 4 ਛੱਕਿਆਂ ਦੀ ਮਦਦ ਨਾਲ 41 ਦੌੜਾਂ ਬਣਾਈਆਂ। ਈਸ਼ਾਨ ਕਿਸ਼ਨ ਨੇ ਵੀ 31 ਦੌੜਾਂ ਦਾ ਯੋਗਦਾਨ ਪਾਇਆ। ਸੂਰਿਆਕੁਮਾਰ ਯਾਦਵ ਇਕ ਵਾਰ ਫਿਰ ਫਲਾਪ ਹੋ ਗਏ ਅਤੇ ਬਿਨਾਂ ਖਾਤਾ ਖੋਲ੍ਹੇ ਪਵੇਲੀਅਨ ਪਰਤ ਗਏ। ਦਿੱਲੀ ਲਈ ਮੁਕੇਸ਼ ਕੁਮਾਰ ਨੇ 2 ਵਿਕਟਾਂ ਲਈਆਂ ਜਦਕਿ ਮੁਸਤਫ਼ਿਕੁਰ ਰਹਿਮਾਨ ਨੇ 1 ਵਿਕਟ ਲਿਆ। ਅੰਤ ‘ਚ ਮੁੰਬਈ ਲਈ ਕੈਮਰੂਨ ਗ੍ਰੀਨ ਨੇ ਅਜੇਤੂ 17 ਦੌੜਾਂ ਬਣਾਈਆਂ, ਜਦਕਿ ਟਿਮ ਡੇਵਿਡ ਨੇ ਅਜੇਤੂ 13 ਦੌੜਾਂ ਬਣਾ ਕੇ ਟੀਮ ਨੂੰ ਜਿੱਤ ਦਿਵਾਈ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਦਿੱਲੀ ਨੇ 173 ਦੌੜਾਂ ਦਾ ਟੀਚਾ ਰੱਖਿਆ ਹੈ। ਦਿੱਲੀ ਦੇ ਕਪਤਾਨ ਡੇਵਿਡ ਵਾਰਨਰ ਅਤੇ ਬੱਲੇਬਾਜ਼ ਅਕਸ਼ਰ ਪਟੇਲ ਨੇ ਅਰਧ ਸੈਂਕੜੇ ਵਾਲੀ ਪਾਰੀ ਖੇਡੀ। ਅਕਸ਼ਰ ਨੇ 25 ਗੇਂਦਾਂ ‘ਚ 4 ਚੌਕਿਆਂ ਅਤੇ 5 ਛੱਕਿਆਂ ਦੀ ਮਦਦ ਨਾਲ 54 ਦੌੜਾਂ ਬਣਾਈਆਂ ਜਦਕਿ ਡੇਵਿਡ ਵਾਰਨਰ ਨੇ 47 ਗੇਂਦਾਂ ‘ਚ 6 ਚੌਕਿਆਂ ਦੀ ਮਦਦ ਨਾਲ 51 ਦੌੜਾਂ ਬਣਾਈਆਂ। ਪ੍ਰਿਥਵੀ ਸ਼ਾਅ ਇਕ ਵਾਰ ਫਿਰ ਫਲਾਪ ਰਹੇ ਅਤੇ 15 ਦੌੜਾਂ ਬਣਾ ਕੇ ਆਊਟ ਹੋ ਗਏ। ਮਨੀਸ਼ ਪਾਂਡੇ ਨੇ ਛੋਟੀ ਪਰ ਦਮਦਾਰ ਪਾਰੀ ਖੇਡੀ। ਉਸ ਨੇ 18 ਗੇਂਦਾਂ ‘ਚ 26 ਦੌੜਾਂ ਬਣਾਈਆਂ। ਪਹਿਲਾ ਮੈਚ ਖੇਡ ਰਹੇ ਯਸ਼ ਢੁਲ ਸਿਰਫ 2 ਦੌੜਾਂ ਹੀ ਬਣਾ ਸਕੇ ਜਦਕਿ ਤਜਰਬੇਕਾਰ ਰੋਵਮੈਨ ਪਾਵੇਲ 4 ਦੌੜਾਂ ਬਣਾ ਕੇ ਆਊਟ ਹੋ ਗਏ।