ਮਹਿਲਾ ਪ੍ਰੀਮੀਅਰ ਲੀਗ ਦੇ ਨਵੀਂ ਮੁੰਬਈ ਦੇ ਮੈਦਾਨ ‘ਤੇ ਹੋਏ ਮੈਚ ‘ਚ ਰਾਇਲ ਚੈਲੰਜਰਜ਼ ਬੈਂਗਲੁਰੂ ਦੀ ਮਹਿਲਾ ਟੀਮ ਨੂੰ ਇਕ ਵਾਰ ਫਿਰ ਨਿਰਾਸ਼ਾ ਦਾ ਸਾਹਮਣਾ ਕਰਨਾ ਪਿਆ। ਦਿੱਲੀ ਕੈਪੀਟਲਸ ਦੇ ਖ਼ਿਲਾਫ਼ ਜਿੱਤ ਦੀ ਉਮੀਦ ਕਰ ਰਹੀ ਸਮ੍ਰਿਤੀ ਮੰਧਾਨਾ ਦੀ ਟੀਮ ਇਕ ਵਾਰ ਫਿਰ ਆਖਰੀ ਓਵਰ ‘ਚ ਮੈਚ ਹਾਰ ਗਈ। ਟੂਰਨਾਮੈਂਟ ‘ਚ ਆਰ.ਸੀ.ਬੀ. ਦੀ ਇਹ ਲਗਾਤਾਰ 5ਵੀਂ ਹਾਰ ਹੈ। ਇਸ ਤੋਂ ਪਹਿਲਾਂ ਦਿੱਲੀ ਨੇ ਐਲੀਸਾ ਪੇਰੀ ਦੀਆਂ 52 ਗੇਂਦਾਂ ‘ਚ 67 ਦੌੜਾਂ ਦੀ ਬਦੌਲਤ 150 ਦੌੜਾਂ ਬਣਾਈਆਂ। ਜਵਾਬ ‘ਚ ਦਿੱਲੀ ਨੇ ਆਖਰੀ ਓਵਰਾਂ ‘ਚ ਕੈਪਸੀ, ਜੇਮਿਮਾ, ਕੈਪ ਅਤੇ ਜੋਨਾਸੇਨ ਦੇ ਸਾਂਝੇ ਪ੍ਰਦਰਸ਼ਨ ਨਾਲ ਜਿੱਤ ਦਰਜ ਕੀਤੀ। ਆਰ.ਸੀ.ਬੀ. ਦੀ ਕਪਤਾਨ ਸਮ੍ਰਿਤੀ ਮੰਧਾਨਾ ਨੂੰ ਇਕ ਵਾਰ ਫਿਰ ਨਿਰਾਸ਼ ਹੋਣਾ ਪਿਆ। ਦਿੱਲੀ ਖ਼ਿਲਾਫ਼ ਅਹਿਮ ਮੈਚ ‘ਚ ਉਹ 15 ਗੇਂਦਾਂ ‘ਚ ਸਿਰਫ਼ 8 ਦੌੜਾਂ ਹੀ ਬਣਾ ਸਕੀ ਸੀ। ਸਮ੍ਰਿਤੀ ਮੈਚ ਦੌਰਾਨ ਦਬਾਅ ‘ਚ ਨਜ਼ਰ ਆ ਰਹੀ ਸੀ, ਉਸਨੇ ਪਹਿਲਾ ਓਵਰ ਮੇਡਨ ਖੇਡਿਆ। ਪਰ ਐਲੀਸਾ ਪੇਰੀ ਨੇ ਆਰ.ਸੀ.ਬੀ. ਵੱਲੋਂ ਜ਼ਿੰਮੇਵਾਰੀ ਸੰਭਾਲੀ ਅਤੇ 52 ਗੇਂਦਾਂ ‘ਚ 4 ਚੌਕਿਆਂ ਅਤੇ 5 ਛੱਕਿਆਂ ਦੀ ਮਦਦ ਨਾਲ 67 ਦੌੜਾਂ ਬਣਾਈਆਂ ਅਤੇ ਸਕੋਰ ਨੂੰ ਤੇਜ਼ੀ ਨਾਲ ਅੱਗੇ ਲੈ ਗਈ। ਐਲਿਸਾ ਦੇ ਨਾਲ ਰਿਚਾ ਘੋਸ਼ ਨੇ 16 ਗੇਂਦਾਂ ‘ਚ ਤਿੰਨ ਚੌਕਿਆਂ ਅਤੇ ਤਿੰਨ ਛੱਕਿਆਂ ਦੀ ਮਦਦ ਨਾਲ 37 ਦੌੜਾਂ ਬਣਾਈਆਂ। ਹੀਥਰ ਨਾਈਟ 11 ਅਤੇ ਸੋਫੀਆ ਡੇਵਿਨ 21 ਦੌੜਾਂ ਬਣਾਉਣ ‘ਚ ਕਾਮਯਾਬ ਰਹੀਆਂ। ਇਸ ਤਰ੍ਹਾਂ ਆਰ.ਸੀ.ਬੀ. ਨੇ 20 ਓਵਰਾਂ ‘ਚ ਪੰਜ ਵਿਕਟਾਂ ਗੁਆ ਕੇ 150 ਦੌੜਾਂ ਬਣਾਈਆਂ ਹਨ। ਜਵਾਬ ‘ਚ ਟੀਚੇ ਦਾ ਪਿੱਛਾ ਕਰਨ ਉੱਤਰੀ ਦਿੱਲੀ ਕੈਪੀਟਲਸ ਦੀ ਸ਼ੁਰੂਆਤ ਖਰਾਬ ਰਹੀ। ਕਪਤਾਨ ਮੇਗ ਲੈਨਿੰਗ ਅਤੇ ਐਲੀਸਾ ਕੈਪਸੀ ਨੇ ਸਕੋਰ ਨੂੰ ਅੱਗੇ ਵਧਾਇਆ। ਕੈਪਸੀ ਨੇ 24 ਗੇਂਦਾਂ ‘ਚ ਅੱਠ ਚੌਕਿਆਂ ਦੀ ਮਦਦ ਨਾਲ 38 ਦੌੜਾਂ ਬਣਾਈਆਂ। ਜੇਮਿਮਾ ਨੇ 28 ਗੇਂਦਾਂ ‘ਚ 32, ਮਾਰੀਜਾਨਾ ਕਪ ਨੇ 32 ਗੇਂਦਾਂ ‘ਚ 32 ਅਤੇ ਜੇਸ ਜੋਨਾਸਨ ਨੇ 15 ਗੇਂਦਾਂ ‘ਚ 29 ਦੌੜਾਂ ਬਣਾ ਕੇ ਆਪਣੀ ਟੀਮ ਨੂੰ ਜਿੱਤ ਦਿਵਾਈ।