ਆਲਰਾਊਂਡਰ ਕ੍ਰਿਕਟਰ ਸੈਮ ਕਰਨ (ਇੰਗਲੈਂਡ) ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ.) ਨਿਲਾਮੀ ਦੇ ਇਤਿਹਾਸ ‘ਚ ਸਭ ਤੋਂ ਮਹਿੰਗੇ ਖ਼ਿਡਾਰੀ ਬਣ ਗਏ ਜਿਨ੍ਹਾਂ ਨੂੰ ਪੰਜਾਬ ਕਿੰਗਜ਼ ਨੇ ਰਿਕਾਰਡ 18.50 ਕਰੋੜ ਰੁਪਏ ‘ਚ ਖ੍ਰੀਦਿਆ ਹੈ। ਇਸ ਤੋਂ ਪਹਿਲਾਂ ਦੱਖਣੀ ਅਫਰੀਕਾ ਦੇ ਹਰਫ਼ਨਮੌਲਾ ਕ੍ਰਿਸ ਮੌਰਿਸ 2021 ‘ਚ ਆਈ.ਪੀ.ਐੱਲ. ਦੇ ਸਭ ਤੋਂ ਮਹਿੰਗੇ ਖਿਡਾਰੀ ਬਣੇ ਸਨ, ਜਦੋਂ ਰਾਜਸਥਾਨ ਰਾਇਲਜ਼ ਨੇ ਉਨ੍ਹਾਂ ਲਈ 16.25 ਕਰੋੜ ਰੁਪਏ ਦੀ ਬੋਲੀ ਲਗਾਈ ਸੀ। ਸੈਮ ਕਰਨ ਦਾ ਬੇਸ ਪ੍ਰਾਈਜ਼ 2 ਕਰੋੜ ਰੁਪਏ ਸੀ। ਕਰਨ ਨੂੰ ਟੀਮ ‘ਚ ਸ਼ਾਮਲ ਕਰਨ ਲਈ ਮੁੰਬਈ ਇੰਡੀਅਨਜ਼, ਰਾਇਲ ਚੈਲੰਜਰਜ਼ ਬੈਂਗਲੁਰੂ, ਰਾਜਸਥਾਨ ਰਾਇਲਜ਼, ਚੇਨਈ ਸੁਪਰ ਕਿੰਗਜ਼, ਲਖਨਊ ਸੁਪਰ ਜਾਇੰਟਸ ਅਤੇ ਪੰਜਾਬ ਕਿੰਗਜ਼ ਵਿਚਕਾਰ ਇਕ ਲੰਬੀ ਬੋਲੀ ਦੀ ਪ੍ਰਕਿਰਿਆ ਚੱਲੀ। ਹਾਲ ਹੀ ‘ਚ ਟੀ-20 ਵਰਲਡ ਕੱਪ ‘ਚ ਸਰਵੋਤਮ ਖਿਡਾਰੀ ਦਾ ਐਵਾਰਡ ਜਿੱਤਣ ਵਾਲੇ ਕਰਨ ਨੂੰ ਪੰਜਾਬ ਕਿੰਗਜ਼ ਨੇ ਰਿਕਾਰਡ ਰਕਮ ‘ਚ ਖ੍ਰੀਦਿਆ ਹੈ। ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਸੈਮ ਕਰਨ ਦਾ ਟੀ-20 ਕ੍ਰਿਕਟ ‘ਚ ਸ਼ਾਨਦਾਰ ਰਿਕਾਰਡ ਹੈ। ਉਨ੍ਹਾਂ ਨੇ 145 ਮੈਚ ਖੇਡੇ ਹਨ। ਇਸ ‘ਚ ਉਨ੍ਹਾਂ ਨੇ 1731 ਦੌੜਾਂ ਦੇ ਕੇ 149 ਵਿਕਟਾਂ ਹਾਸਲ ਕੀਤੀਆਂ ਹਨ। ਦੋ ਵਾਰ ਉਹ ਇਕ ਪਾਰੀ ‘ਚ 5 ਵਿਕਟਾਂ ਲੈ ਚੁੱਕੇ ਹਨ। ਇਸ ਦੇ ਨਾਲ ਹੀ 9 ਸੈਂਕੜੇ ਵੀ ਲਗਾਏ ਹਨ। ਉਨ੍ਹਾਂ ਦਾ ਬੱਲੇਬਾਜ਼ੀ ਸਟ੍ਰਾਈਕ ਰੇਟ 136 ਹੈ। ਕਰਨ ਓਪਨਰ ਦੇ ਨਾਲ-ਨਾਲ ਫਿਨਿਸ਼ਰ ਦੀ ਭੂਮਿਕਾ ਵੀ ਨਿਭਾਅ ਸਕਦੇ ਹਨ। ਆਈ.ਪੀ.ਐੱਲ. ਦੇ 32 ਮੈਚਾਂ ‘ਚ ਉਨ੍ਹਾਂ ਨੇ 150 ਦੇ ਸਟ੍ਰਾਈਕ ਰੇਟ ਨਾਲ 337 ਦੌੜਾਂ ਬਣਾਉਣ ਦੇ ਨਾਲ 32 ਵਿਕਟਾਂ ਵੀ ਲਈਆਂ ਹਨ।