ਆਈ.ਪੀ.ਐੱਲ. ਦਾ ਇਕ ਹੋਰ ਮੈਚ ਕਲਕੱਤਾ ਨਾਈਟ ਰਾਈਡਰਜ਼ ਨੇ ਜਿੱਤ ਲਿਆ ਹੈ। ਸਨਰਾਈਜ਼ਰਸ ਹੈਦਰਾਬਾਦ ਨੂੰ 5 ਦੌੜਾਂ ਨਾਲ ਹਰਾ ਕੇ ਕਲਕੱਤਾ ਨੇ ਇਹ ਜਿੱਤ ਦਰਜ ਕੀਤੀ। ਕਲਕੱਤਾ ਵੱਲੋਂ ਦਿੱਤੇ 172 ਦੌੜਾਂ ਦੇ ਟੀਚੇ ਦੇ ਜਵਾਬ ‘ਚ ਹੈਦਰਾਬਾਦ ਦੀ ਟੀਮ ਨਿਰਧਾਰਤ 20 ਓਵਰਾਂ ‘ਚ 166 ਦੌੜਾਂ ਹੀ ਬਣਾ ਸਕੀ। ਕਲਕੱਤਾ ਨਾਈਟ ਰਾਈਡਰਜ਼ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ ਸੀ। 35 ‘ਤੇ 3 ਵਿਕਟਾਂ ਗੁਆਉਣ ਤੋਂ ਬਾਅਦ ਕਪਤਾਨ ਨੀਤਿਸ਼ ਰਾਣਾ (42) ਤੇ ਰਿੰਕੂ ਸਿੰਘ (46) ਨੇ ਚੰਗੀ ਬੱਲੇਬਾਜ਼ੀ ਕਰਦਿਆਂ ਟੀਮ ਦਾ ਸਕੋਰ ਅੱਗੇ ਤੋਰਿਆ। ਕਲਕੱਤਾ ਨੇ ਨਿਰਧਾਰਤ 20 ਓਵਰਾਂ ‘ਚ 9 ਵਿਕਟਾਂ ਗੁਆ ਕੇ 171 ਦੌੜਾਂ ਬਣਾਈਆਂ। ਹੈਦਰਾਬਾਦ ਵੱਲੋਂ ਸਾਰੇ ਬੱਲੇਬਾਜ਼ਾਂ ਨੇ ਹੀ ਵਿਕਟਾਂ ਲਈਆਂ। ਟੀਚੇ ਦਾ ਪਿੱਛਾ ਕਰਨ ਉਤਰੀ ਹੈਦਰਾਬਾਦ ਦੀ ਟੀਮ ਵੱਲੋਂ ਕਈ ਬੱਲੇਬਾਜ਼ਾਂ ਨੂੰ ਸ਼ੁਰੂਆਤ ਤਾਂ ਮਿਲੀ ਪਰ ਉਹ ਉਸ ਸ਼ੁਰੂਆਤ ਨੂੰ ਵੱਡੀਆਂ ਪਾਰੀਆਂ ‘ਚ ਤਬਦੀਲ ਨਹੀਂ ਕਰ ਸਕੇ। ਕਪਤਾਨ ਐਡਨ ਮਾਰਕ੍ਰਮ (41) ਤੇ ਕਲਾਸੇਨ (36) ਨੇ ਚੰਗੀਆਂ ਪਾਰੀਆਂ ਖੇਡਦਿਆਂ ਟੀਮ ਨੂੰ ਮੁਕਾਬਲੇ ‘ਚ ਬਣਾਈ ਰੱਖਿਆ। ਆਖ਼ਰ ‘ਚ ਕਲਕੱਤਾ ਦੇ ਗੇਂਦਬਾਜ਼ਾਂ ਨੇ ਸ਼ਾਨਦਾਰ ਗੇਂਦਬਾਜ਼ੀ ਦਾ ਪ੍ਰਦਰਸ਼ਨ ਕੀਤਾ। ਹੈਦਰਾਬਾਦ ਨੂੰ ਅਖ਼ਰੀ 30 ਗੇਂਦਾਂ ‘ਚ 38 ਦੌੜਾਂ ਦੀ ਲੋੜ ਸੀ। ਹੋਰ ਤਾਂ ਹੋਰ ਅਖ਼ੀਰਲੇ ਓਵਰ ‘ਚ ਕਲਕੱਤਾ ਦੇ ਗੇਂਦਬਾਜ਼ ਵਰੁਣ ਚੱਕਰਵਰਤੀ ਨੇ 9 ਦੌੜਾਂ ਵੀ ਨਹੀਂ ਬਣਨ ਦਿੱਤੀਆਂ। ਉਸ ਨੇ ਅਖ਼ੀਰਲੇ ਓਵਰ ‘ਚ ਮਹਿਜ਼ 3 ਦੌੜਾਂ ਹੀ ਦਿੱਤੀਆਂ ਤੇ ਇਕ ਵਿਕਟ ਵੀ ਆਪਣੇ ਨਾਂ ਕਰ ਲਈ। ਇਸ ਕਲਕੱਤਾ ਦੀ ਟੀਮ ਨੇ 5 ਦੌੜਾਂ ਨਾਲ ਇਹ ਮੁਕਾਬਲਾ ਜਿੱਤ ਲਿਆ।