ਆਇਰਲੈਂਡ ਦੇ ਇਕ ਪਿੰਡ ‘ਚ ਇਕ ਗੈਸ ਸਟੇਸ਼ਨ ‘ਚ ਹੋਏ ਧਮਾਕੇ ‘ਚ ਘੱਟੋ-ਘੱਟ 7 ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਹੈ। ਪੁਲੀਸ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਐਮਰਜੈਂਸੀ ਕਰਮਚਾਰੀਆਂ ਨੇ ਦੇਰ ਰਾਤ ਤੱਕ ਪੀੜਤਾਂ ਦੀ ਭਾਲ ਜਾਰੀ ਰੱਖੀ। ਆਇਰਲੈਂਡ ‘ਚ ਪੁਲੀਸ ਨੇ ਕਿਹਾ ਕਿ ਕਾਉਂਟੀ ਡੋਨੇਗਲ ਦੇ ਕ੍ਰਿਸਲੋ ਕਸਬੇ ‘ਚ ਐਪਲਗ੍ਰੀਨ ਸਰਵਿਸ ਸਟੇਸ਼ਨ ‘ਚ ਹੋਏ ਧਮਾਕੇ ਤੋਂ ਬਾਅਦ ਰਾਤ ਭਰ ‘ਚ 4 ਲੋਕਾਂ ਦੀ ਮੌਤ ਦੀ ਪੁਸ਼ਟੀ ਕੀਤੀ ਗਈ ਸੀ, ਇਸ ਤੋਂ ਬਾਅਦ 3 ਹੋਰ ਮੌਤਾਂ ਦੀ ਸੂਚਨਾ ਮਿਲੀ। ਘੱਟੋ-ਘੱਟ ਅੱਠ ਲੋਕ ਹਸਪਤਾਲ ‘ਚ ਦਾਖ਼ਲ ਹਨ ਅਤੇ ਕਈ ਲਾਪਤਾ ਹਨ। ਪੁਲੀਸ ਫੋਰਸ, ਐਨ ਗਾਰਡਾ ਸਿਓਚਨਾ ਦੇ ਅਨੁਸਾਰ, ‘ਦੂਜਿਆਂ ਨੂੰ ਲੱਭਣ ਲਈ ਮੁਹਿੰਮ ਜਾਰੀ ਹੈ।’ ਆਇਰਲੈਂਡ ਅਤੇ ਗੁਆਂਢੀ ਉੱਤਰੀ ਆਇਰਲੈਂਡ ‘ਚ ਐਮਰਜੈਂਸੀ ਕਰਮਚਾਰੀ ਪੁਲੀਸ ਦੇ ਨਾਲ ਇਕ ‘ਖੋਜ ਮੁਹਿੰਮ’ ਵਿੱਚ ਲੱਗੇ ਹੋਏ ਹਨ। ਧਮਾਕੇ ਕਾਰਨ ਗੈਸ ਸਟੇਸ਼ਨ ਦੀ ਇਮਾਰਤ ਢਹਿ ਗਈ ਹੈ। ਇਸ ‘ਚ ਪਿੰਡ ਦੀ ਇਕ ਮੁੱਖ ਦੁਕਾਨ ਅਤੇ ਡਾਕਖਾਨਾ ਮੌਜੂਦ ਸੀ। ਧਮਾਕੇ ਕਾਰਨ ਆਸ-ਪਾਸ ਦੀਆਂ ਹੋਰ ਇਮਾਰਤਾਂ ਨੂੰ ਵੀ ਨੁਕਸਾਨ ਪੁੱਜਾ ਹੈ। ਧਮਾਕੇ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਜਾਂਚ ਜਾਰੀ ਹੈ।