ਓਕਵਿਲ ‘ਚ ਪਿਛਲੇ ਦਿਨੀਂ ਗੋਲੀਆਂ ਮਾਰ ਕੇ ਕਤਲ ਕੀਤੇ ਗਏ ਨੌਜਵਾਨਦੀ ਪਛਾਣ ਹਾਲਟਨ ਪੁਲੀਸ ਨੇ ਜਨਤਕ ਕਰ ਦਿੱਤੀ ਹੈ। ਮਰਨ ਵਾਲਾ 27 ਸਾਲਾ ਅਰਮਾਨ ਢਿੱਲੋਂ ਸੀ। ਅਲਬਰਟਾ ਦੇ ਰਹਿਣ ਵਾਲੇ 27 ਸਾਲਾ ਅਰਮਾਨ ਢਿੱਲੋਂ ਨੂੰ 19 ਅਗਸਤ ਦੀ ਸਵੇਰ ਨੂੰ ਬੈਲਟ ਲੇਨ ਅਤੇ ਲਿਟਲਫੀਲਡ ਕ੍ਰੇਸੈਂਟ ਦੇ ਖੇਤਰ ‘ਚ ਇਕ ਰਿਹਾਇਸ਼ੀ ਗਲੀ ‘ਚ ਗੋਲੀ ਮਾਰ ਦਿੱਤੀ ਗਈ ਸੀ। ਗੋਲੀਬਾਰੀ ਤੋਂ ਬਾਅਦ ਵਾਹਨ ਨੂੰ ਅੱਗ ਲਗਾ ਦਿੱਤੀ ਗਈ। ਉਸ ਨੂੰ ਮੌਕੇ ‘ਤੇ ਹੀ ਮ੍ਰਿਤਕ ਐਲਾਨ ਦਿੱਤਾ ਗਿਆ ਸੀ। ਵੇਰਵਿਆਂ ਅਨੁਸਾਰ ਅਰਮਾਨ ਢਿੱਲੋਂ ਪਿੱਛੋਂ ਪੰਜਾਬ ਦੇ ਮੋਗਾ ਜ਼ਿਲ੍ਹਾ ਨਾਲ ਸਬੰਧਤ ਪਿੰਡ ਬੁੱਟਰ ਕਲਾਂ ਦਾ ਰਹਿਣ ਵਾਲਾ ਸੀ। ਪੁਲੀਸ ਨੇ ਉਸ ਸਮੇਂ ਦੱਸਿਆ ਕਿ ਫਾਇਰਿੰਗ ‘ਚ ਇਕ ਕੁੜੀ ਵੀ ਗੰਭੀਰ ਰੂਪ ‘ਚ ਜ਼ਖਮੀ ਹੋ ਗਈ। ਅਰਮਾਨ ਢਿੱਲੋਂ ਨੂੰ 2018 ‘ਚ ਐਡਮਿੰਟਨ ‘ਚ ਇਕ ਘਾਤਕ ਗੋਲੀਬਾਰੀ ਦੇ ਸਬੰਧ ‘ਚ ਫਰਸਟ ਡਿਗਰੀ ਕਤਲ ਦੇ ਦੋਸ਼ ਤੋਂ ਬਰੀ ਕਰ ਦਿੱਤਾ ਗਿਆ ਸੀ ਜਿਸ ‘ਚ ਦੋ ਸਾਲ ਪਹਿਲਾਂ ਇਕ ਨਾਈਟ ਕਲੱਬ ‘ਚ ਇਕ 30 ਸਾਲਾ ਵਿਅਕਤੀ ਅਮੀਨ ਮੁਹੰਮਦ ਅਬਦੁੱਲਾਹੀ ਮਾਰਿਆ ਗਿਆ ਸੀ ਅਤੇ ਉਸਦਾ ਭਰਾ ਬਿਲਾਲ ਅਬਦੁੱਲਾ ਜ਼ਖਮੀ ਹੋ ਗਿਆ ਸੀ। ਅਰਮਾਨ ਉਸ ਵੇਲੇ 21 ਸਾਲ ਦਾ ਸੀ। ਜ਼ਮਾਨਤ ‘ਤੇ ਰਿਹਾਅ ਹੋਣ ਤੋਂ ਪਹਿਲਾਂ ਉਸ ਨੇ 17 ਮਹੀਨੇ ਹਿਰਾਸਤ ‘ਚ ਬਿਤਾਏ। ਸ਼ੱਕੀ ਨਿਸ਼ਾਨੇਬਾਜ਼ ਹਮਲਾਵਰਾਂ ਵੱਲੋਂ ਵਰਤਿਆ ਗਿਆ ਚਿੱਟੇ ਰੰਗ ਦਾ ਵਾਹਨ ਘਟਨਾ ਤੋਂ ਥੋੜ੍ਹੀ ਦੇਰ ਬਾਅਦ ਓਕਵਿਲ ਦੇ ਪੂਰਬੀ ਹਿੱਸੇ ‘ਚ ਐਡਿੰਗਹੈਮ ਕ੍ਰੇਸੈਂਟ ‘ਤੇ ਅੱਗ ਨਾਲ ਬਲਦਾ ਮਿਲਿਆ। ਜਾਂਚਕਰਤਾ ਗਵਾਹ ਤੇ ਸਥਾਨਕ ਨਿਵਾਸੀਆਂ ਨੂੰ ਅਪੀਲ ਕਰ ਰਹੇ ਹਨ ਕਿ ਜੇ ਕਿਸੇ ਕੋਲ ਕੋਈ ਜਾਣਕਾਰੀ ਹੋਵੇ ਤਾਂ ਪੁਲੀਸ ਨਾਲ ਸਾਂਝੀ ਕੀਤੀ ਜਾਵੇ। ਹਾਲਟਨ ਰੀਜਨਲ ਪੁਲੀਸ ਸਰਵਿਸ ਨੇ ਕਿਹਾ ਕਿ ਅਰਮਾਨ ਢਿੱਲੋਂ ਦਾ ਨਾਂ ਪਰਿਵਾਰ ਦੀ ਆਗਿਆ ਨਾਲ ਜਾਰੀ ਕੀਤਾ ਗਿਆ ਹੈ।