ਚੈਂਪੀਅਨ ਚੈੱਸ ਟੂਰ ਦੇ ਜੂਲੀਅਸ ਬੇਅਰ ਜਨਰੇਸ਼ਨ ਕੱਪ ਸ਼ਤਰੰਜ ਟੂਰਨਾਮੈਂਟ ਦੇ ਪਲੇਅ ਆਫ ‘ਚ ਇੰਡੀਆ ਨੌਜਵਾਨ ਗ੍ਰੈਂਡਮਾਸਟਰ ਅਰਜੁਨ ਐਰਿਗਾਸੀ ਅਤੇ ਆਰ ਪ੍ਰਗਿਆਨੰਦਾ ਨੇ ਥਾਂ ਬਣਾ ਲਈ ਹੈ। ਲਗਾਤਾਰ ਚਾਰ ਦਿਨ ਚੱਲੇ 15 ਰਾਊਂਡ ਰੋਬਿਨ ਮੈਚਾਂ ਦੇ ਬਾਅਦ ਅਰਜੁਨ ਨੇ 7 ਜਿੱਤਾਂ, 4 ਡਰਾਅ ਅਤੇ 4 ਹਾਰਾਂ ਨਾਲ 25 ਅੰਕ ਬਣਾ ਕੇ ਦੂਜਾ ਤੇ ਪ੍ਰਗਿਆਨੰਦਾ ਨੇ 5 ਜਿੱਤਾਂ, 8 ਡਰਾਅ ਅਤੇ 2 ਹਾਰਾਂ ਨਾਲ 23 ਅੰਕਾਂ ਨਾਲ ਚੌਥਾ ਸਥਾਨ ਹਾਸਲ ਕੀਤਾ। ਵਿਸ਼ਵ ਚੈਂਪੀਅਨ ਨਾਰਵੇ ਦੇ ਮੈਗਨਸ ਕਾਰਲਸਨ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ 10 ਜਿੱਤਾਂ, 4 ਡਰਾਅ ਅਤੇ 1 ਹਾਰ ਦੇ ਨਾਲ ਅਸਧਾਰਨ 34 ਅੰਕ ਬਣਾ ਕੇ ਪਹਿਲਾ ਸਥਾਨ ਹਾਸਲ ਕੀਤਾ। ਪਲੇਅ-ਆਫ ‘ਚ ਪਹੁੰਚਣ ਵਾਲੇ ਹੋਰਨਾਂ ਖਿਡਾਰੀਆਂ ‘ਚ ਅਮਰੀਕਾ ਦਾ ਨੀਮਨ ਹੰਸ 24 ਅੰਕਾਂ ਨਾਲ ਤੀਜੇ, ਜਰਮਨੀ ਦਾ ਵਿਨਸੇਂਟ ਕੇਮਰ 23 ਅੰਕਾਂ ਨਾਲ ਪੰਜਵੇਂ, ਵੀਅਤਨਾਮ ਦੇ ਲਿਮ 22 ਅੰਕਾਂ ਨਾਲ ਛੇਵੇਂ ਤਾਂ ਅਮਰੀਕਾ ਦੇ ਯੋ ਕ੍ਰਿਸਟੋਫਰ ਅਤੇ ਲੇਵੋਨ ਅਰੋਨੀਅਨ 21 ਅੰਕਾਂ ਨਾਲ ਸੱਤਵੇਂ ਅਤੇ ਅੱਠਵੇਂ ਸਥਾਨ ‘ਤੇ ਰਹੇ। ਹੁਣ ਕੁਆਰਟਰ ਫਾਈਨਲ ਮੈਚ ‘ਚ ਕਾਰਲਸਨ-ਐਰੋਨੀਅਨ ਨਾਲ, ਅਰਜੁਨ-ਕ੍ਰਿਸਟੋਫਰ ਨਾਲ, ਨੀਮਨ-ਲਿਮ ਨਾਲ ਅਤੇ ਪ੍ਰਗਿਆਨੰਦਾ-ਵਿਨਸੇਂਟ ਨਾਲ ਮੁਕਾਬਲਾ ਖੇਡਣਗੇ। ਪਲੇਅ ਆਫ ‘ਚ ਖਿਡਾਰੀਆਂ ਵਿਚਕਾਰ 15 ਮਿੰਟ ਦੇ 4 ਰੈਪਿਡ ਮੈਚ ਖੇਡੇ ਜਾਣਗੇ।