ਅਮਰਨਾਥ ਦੀ ਪਵਿੱਤਰ ਗੁਫ਼ਾ ਲਾਗੇ ਬੱਦਲ ਫਟਣ ਕਾਰਨ ਆਏ ਹਡ਼੍ਹ ’ਚ ਫਸੇ ਘੱਟੋ-ਘੱਟ 15,000 ਸ਼ਰਧਾਲੂਆਂ ਨੂੰ ਜੰਮੂ ਕਸ਼ਮੀਰ ’ਚ ਹੇਠਲੇ ਬੇਸ ਕੈਂਪ ਪੰਜਤਰਨੀ ’ਚ ਤਬਦੀਲ ਕਰ ਦਿੱਤਾ ਗਿਆ ਹੈ। ਬੁਲਾਰੇ ਨੇ ਦੱਸਿਆ ਕਿ ਆਈ.ਟੀ.ਬੀ.ਪੀ. ਨੇ ਪਵਿੱਤਰ ਗੁਫਾ ਦੇ ਹੇਠਲੇ ਹਿੱਸੇ ਤੋਂ ਪੰਜਤਰਨੀ ਤੱਕ ਰੂਟ ’ਤੇ ਤਾਇਨਾਤ ਟੀਮਾਂ ਦੀ ਗਿਣਤੀ ਵੀ ਵਧਾ ਦਿੱਤੀ ਹੈ। ਦੱਖਣੀ ਕਸ਼ਮੀਰ ’ਚ ਅਮਰਨਾਥ ਗੁਫ਼ਾ ਦੇ ਨੇਡ਼ੇ ਸ਼ੁੱਕਰਵਾਰ ਸ਼ਾਮ ਨੂੰ ਆਏ ਹਡ਼੍ਹ ’ਚ ਘੱਟੋ-ਘੱਟ 16 ਵਿਅਕਤੀਆਂ ਦੀ ਮੌਤ ਹੋ ਗਈ ਅਤੇ ਟੈਂਟਾਂ ਅਤੇ ਲੰਗਰਾਂ ’ਚ ਪਾਣੀ ਭਰ ਗਿਆ। ਇਸ ਦੌਰਾਨ ਅਗਲੇ ਹੁਕਮਾਂ ਤੱਕ ਯਾਤਰਾ ਰੋਕ ਦਿੱਤੀ ਹੈ। ਜੰਮੂ ਕਸ਼ਮੀਰ ਸਥਿਤ ਪਵਿੱਤਰ ਅਮਰਨਾਥ ਗੁਫ਼ਾ ਲਾਗੇ ਬੱਦਲ ਫਟਣ ਨਾਲ ਕਰੀਬ 16 ਲੋਕਾਂ ਦੀ ਮੌਤ ਹੋ ਜਦਕਿ ਕਰੀਬ 40 ਲੋਕ ਲਾਪਤਾ ਵੀ ਦੱਸੇ ਜਾ ਰਹੇ ਹਨ। ਇਸੇ ਦੌਰਾਨ ਪੰਜ ਲੋਕਾਂ ਨੂੰ ਬਚਾਇਆ ਵੀ ਗਿਆ ਹੈ। ਬੱਦਲ ਫਟਣ ਕਾਰਨ ਆਏ ਹਡ਼੍ਹ ਨਾਲ ਕਰੀਬ 25 ਟੈਂਟਾਂ ਦਾ ਨੁਕਸਾਨ ਹੋਇਆ ਹੈ ਤੇ ਉਥੇ ਲੱਗੇ ਲੰਗਰਾਂ ਨੂੰ ਵੀ ਨੁਕਸਾਨ ਪੁੱਜਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਬੱਦਲ ਸ਼ਾਮ ਕਰੀਬ 5.30 ਵਜੇ ਫਟਿਆ ਤੇ ਉਸ ਵੇਲੇ ਭਰਵੀਂ ਬਾਰਿਸ਼ ਹੋ ਰਹੀ ਸੀ। ਬੱਦਲ ਫਟਣ ਕਾਰਨ ਆਏ ਹਡ਼੍ਹ ਦੇ ਪਾਣੀ ਨੇ ਅਮਰਨਾਥ ਧਾਮ ਦੇ ਬੇਸ ਕੈਂਪ ਉਤੇ ਮਾਰ ਕੀਤੀ ਹੈ। ਉਥੇ ਕਰੀਬ 25 ਟੈਂਟ ਲੱਗੇ ਹੋਏ ਸਨ ਤੇ ਲੰਗਰ ਦੀ ਸੇਵਾ ਕੀਤੀ ਜਾ ਰਹੀ ਸੀ। ਫ਼ੌਜ ਤੇ ਆਈ.ਟੀ.ਬੀ.ਪੀ. ਵੱਲੋਂ ਰਾਹਤ ਤੇ ਬਚਾਅ ਕਾਰਜ ਕੀਤੇ ਜਾ ਰਹੇ ਹਨ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਜੰਮੂ ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿਨਹਾ ਤੋਂ ਘਟਨਾ ਬਾਰੇ ਜਾਣਕਾਰੀ ਹਾਸਲ ਕੀਤੀ ਹੈ। ਉਨ੍ਹਾਂ ਕੇਂਦਰੀ ਬਲਾਂ ਤੇ ਜੰਮੂ ਕਸ਼ਮੀਰ ਪ੍ਰਸ਼ਾਸਨ ਨੂੰ ਹਦਾਇਤ ਦਿੱਤੀ ਹੈ ਕਿ ਹਾਦਸੇ ਦੀ ਮਾਰ ਹੇਠ ਆਏ ਲੋਕਾਂ ਨੂੰ ਬਚਾਉਣ ਲਈ ਤੇਜ਼ੀ ਨਾਲ ਕਾਰਵਾਈ ਕੀਤੀ ਜਾਵੇ।