ਕੈਨੇਡਾ ‘ਚ ਸਿੱਖਾਂ ਅਤੇ ਪੰਜਾਬੀਆਂ ਦੇ ਜਨਸੰਖਿਆ ਨੂੰ ਦੇਖਦੇ ਹੋਏ ਕੰਜ਼ਰਵੇਟਿਵ ਸੰਸਦ ਮੈਂਬਰਾਂ ਨੇ ਉਨ੍ਹਾਂ ਦੇ ਦੇਸ਼ ਅਤੇ ਪੰਜਾਬ ਰਾਜ ਦਰਮਿਆਨ ਸਿੱਧੀਆਂ ਉਡਾਣਾਂ ਚਲਾਉਣ ਦੀ ਮੰਗ ਏਅਰ ਕੈਨੇਡਾ ਤੋਂ ਕੀਤੀ ਹੈ। ਏਅਰ ਕੈਨੇਡਾ ਨੂੰ ਭੇਜੇ ਪੱਤਰ ‘ਚ ਸੰਸਦ ਮੈਂਬਰਾਂ ਟਿਮ ਉੱਪਲ, ਜਸਰਾਜ ਸਿੰਘ, ਬ੍ਰੈਡਲੀ ਵਿਸ ਅਤੇ ਮਾਰਕ ਸਟ੍ਰਾਲ ਨੇ ਸੈਰ-ਸਪਾਟੇ ਨੂੰ ਹੁਲਾਰਾ ਦੇਣ ਅਤੇ ਪਰਿਵਾਰਾਂ ਨੂੰ ਜੋੜਨ ਲਈ ਕੈਨੇਡਾ ਅਤੇ ਅੰਮ੍ਰਿਤਸਰ ਦਰਮਿਆਨ ਸਿੱਧੀਆਂ ਉਡਾਣਾਂ ਦੀ ਮੰਗ ਕੀਤੀ ਹੈ। ਅੰਦਾਜ਼ੇ ਮੁਤਾਬਕ ਇੰਡੀਆ ਤੋਂ ਇਕੱਲੇ ਟੋਰਾਂਟੋ ਤੱਕ ਹਰ ਸਾਲ ਪੰਜ ਲੱਖ ਯਾਤਰੀ ਸਫਰ ਕਰਦੇ ਹਨ, ਜਿਨ੍ਹਾਂ ‘ਚੋਂ ਜ਼ਿਆਦਾਤਰ ਪੰਜਾਬੀ ਹਨ। ਇਸ ਵੇਲੇ ਕੈਨੇਡਾ ਤੋਂ ਅੰਮ੍ਰਿਤਸਰ ਵਿਚਕਾਰ ਸਿੱਧੀਆਂ ਉਡਾਣਾਂ ਨਹੀਂ ਹਨ। ਦੂਜੇ ਪਾਸੇ ਇੰਡੀਆ ਅਤੇ ਕੈਨੇਡਾ ਵਿਚਕਾਰ ਬੀਤੇ ਹਫ਼ਤੇ ਸੋਧ ਕੇ ਤਿਆਰ ਕੀਤੇ ਗਏ ਹਵਾਬਾਜ਼ੀ ਸਮਝੌਤੇ ‘ਚ ਉਡਾਣਾਂ ਲਈ ਪੰਜਾਬ ਦੇ ਕਿਸੇ ਸ਼ਹਿਰ ਨੂੰ ਸ਼ਾਮਲ ਨਾ ਕਰਨ ‘ਤੇ ਕੈਨੇਡਾ ਭਰ ਤੋਂ ਪੰਜਾਬੀਆਂ ਵਲੋਂ ਸਵਾਲ ਕੀਤੇ ਜਾ ਰਹੇ ਹਨ ਅਤੇ ਨਾਲ ਹੀ ਕੈਨੇਡਾ ਦੇ ਮੰਤਰੀਆਂ ਨੂੰ ਚਿੱਠੀਆਂ ਵੀ ਭੇਜੀਆਂ ਜਾ ਰਹੀਆਂ ਹਨ। ਵਰਲਡ ਸਿੱਖ ਆਰਗੇਨਾਈਜੇਸ਼ਨ ਆਫ਼ ਕੈਨੇਡਾ ਵਲੋਂ ਹਵਾਬਾਜੀ ਮੰਤਰੀ ਓਮਾਰ ਅਲਗਾਬਰਾ ਨੂੰ ਪੱਤਰ ਵਿਚ ਲਿਖਿਆ ਗਿਆ ਕਿ ਪੰਜਾਬ ਦੇ ਏਅਰਪੋਰਟ ਸਮਝੌਤੇ ”ਚੋਂ ਬਾਹਰ ਰੱਖਣ ਕਰਕੇ ਸਿੱਖਾਂ ਨੂੰ ਨਿਰਾਸ਼ਾ ਹੋਈ ਹੈ। ਇਹ ਵੀ ਲਿਖਿਆ ਗਿਆ ਕਿ ਕੈਨੇਡਾ ਦੇ ਸਿੱਖ ਭਾਈਚਾਰੇ ਦਾ ਪੰਜਾਬ ਨਾਲ ਸਿੱਧਾ ਸਬੰਧ ਹੈ ਜਿਸ ਕਰਕੇ ਕੈਨੇਡਾ ਤੋਂ ਅੰਮ੍ਰਿਤਸਰ ਨੂੰ ਸਿੱਧੀ ਉਡਾਣ ਸਿੱਖਾਂ ਦੀ ਚਿਰੋਕਣੀ ਮੰਗ ਹੈ। ਸਿੱਧੀ ਉਡਾਣ ਦੀ ਇਹ ਮੰਗ ਪੂਰੀ ਨਹੀਂ ਕੀਤੀ ਜਾ ਰਹੀ ਅਤੇ ਸਿੱਟੇ ਵਜੋਂ ਕੈਨੇਡਾ ਤੋਂ ਪੰਜਾਬ ਜਾਣ ਵਾਲੇ ਲੋਕਾਂ ਦਾ ਰਸਤਿਆਂ ‘ਚ ਵਾਧੂ ਸਮਾਂ ਅਤੇ ਪੈਸਾ ਖਰਚ ਹੁੰਦਾ ਹੈ। ਹਵਾਬਾਜ਼ੀ ਮੰਤਰੀ ਅਲਗਾਬਰਾ ਦਾ ਧਿਆਨ ਕੋਵਿਡ ਮਹਾਮਾਰੀ ਸਮੇਂ ਭਾਰਤ ਸਰਕਾਰ ਵਲੋਂ ਕੈਨੇਡਾ ਦੇ ਲੋਕਾਂ ਦੇ ਰੱਦ ਕੀਤੇ ਹੋਏ ਵੀਜ਼ਿਆਂ ਵੱਲ ਵੀ ਦਿਵਾਇਆ ਗਿਆ। ਹੁਣ ਨਵੇਂ ਵੀਜ਼ੇ ਲੈਣ ਲਈ ਲੋਕਾਂ ਨੂੰ ਡੇਢ ਮਹੀਨੇ ਦਾ ਇੰਤਜ਼ਾਰ ਅਤੇ ਅਰਜ਼ੀ ਦੇਣ ਲਈ ਵੀਜ਼ਾ ਦਫਤਰਾਂ ਦੇ ਬਾਹਰ ਘੰਟਿਆਂਬੱਧੀ ਖੱਜਲ ਖੁਆਰੀ ਦਾ ਸਾਹਮਣਾ ਕਰਨਾ ਪੈਂਦਾ ਹੈ। ਅਮਰੀਕਾ, ਆਸਟਰੇਲੀਆ ਸਮੇਤ 156 ਦੇਸ਼ਾਂ ਵੱਲੋਂ ਵੀਜ਼ੇ ਬਹਾਲ ਕੀਤੇ ਜਾ ਚੁੱਕੇ ਹਨ ਪਰ ਕੈਨੇਡਾ ਲਈ ਵੀਜ਼ਾ ਦੀ ਔਖ ਕਰ ਦਿੱਤੀ ਗਈ ਹੋਣ ਕਰਕੇ ਬਹੁਤ ਸਾਰੇ ਕੈਨੇਡੀਅਨ ਲੋਕ ਇੰਡੀਆ ਜਾਣ ਤੋਂ ਵਾਂਝੇ ਰਹਿ ਰਹੇ ਹਨ।