ਕੈਨੇਡਾ ਵੱਸਦੇ ਲੱਖਾਂ ਪੰਜਾਬੀਆਂ ਦੀ ਅੰਮ੍ਰਿਤਸਰ ਏਅਰਪੋਰਟ ਤੋਂ ਕੈਨੇਡਾ ਲਈ ਫਲਾਈਟ ਸ਼ੁਰੂ ਕਰਨ ਦੀ ਚਿਰੋਕਣੀ ਮੰਗ ਪੂਰੀ ਹੋਣ ਜਾ ਰਹੀ ਹੈ। ਨਿਓਸ ਏਅਰਲਾਈਨਜ਼ ਵੱਲੋਂ ਸ੍ਰੀ ਗੁਰੂ ਰਾਮਦਾਸ ਜੀ ਇੰਟਰਨੈਸ਼ਨਲ ਏਅਰਪੋਰਟ ਅੰਮ੍ਰਿਤਸਰ ਤੋਂ ਕੈਨੇਡਾ ਲਈ ਇਹ ਫਲਾਈਟ 6 ਅਪ੍ਰੈਲ ਤੋਂ ਸੁਰੂ ਕੀਤੀ ਜਾ ਰਹੀ ਹੈ। ਇਹ ਫਲਾਈਟ ਇਟਲੀ ਦੇ ਮਿਲਾਨ ਤੋਂ ਹੋ ਕੇ ਜਾਵੇਗੀ। ਏਅਰਲਾਈਨਜ਼ ਕੰਪਨੀ ਨੇ ਆਪਣੀ ਵੈੱਬਸਾਈਟ ‘ਤੇ ਇਸਦੀ ਬੁਕਿੰਗ ਸ਼ੁਰੂ ਕਰ ਦਿੱਤੀ ਹੈ। ਇਹ ਜਹਾਜ਼ ਹਫਤੇ ‘ਚ ਇਕ ਵਾਰ ਉਡਾਣ ਭਰੇਗਾ। ਨਿਓਸ ਵੱਲੋਂ ਆਪਣੀ ਵੈੱਬਸਾਈਟ ‘ਤੇ ਦਿੱਤੀ ਜਾਣਕਾਰੀ ਅਨੁਸਾਰ ਇਸਦਾ ਸ਼ੁਰੂਆਤੀ ਕਿਰਾਇਆ ਕਰੀਬ ਡੇਢ ਲੱਖ ਰੁਪਏ ਹੈ, ਜੋ ਸੀਟਾਂ ਦੇ ਹਿਸਾਬ ਨਾਲ ਵੱਧ ਵੀ ਸਕਦਾ ਹੈ। ਵੈੱਬਸਾਈਟ ਅਨੁਸਾਰ ਛੇ ਅਪ੍ਰੈਲ ਤੋਂ ਜਹਾਜ਼ ਹਰੇਕ ਵੀਰਵਾਰ ਨੂੰ ਅੰਮ੍ਰਿਤਸਰ ਤੋਂ ਸਵੇਰੇ 3.15 ਵਜੇ ਉਡਾਣ ਭਰੇਗਾ ਤੇ ਉਸੇ ਦਿਨ ਸਵੇਰੇ 8.20 ਵਜੇ ਮਿਲਾਨ (ਉਥੋਂ ਦੇ ਸਮੇਂ ਅਨੁਸਾਰ) ਪਹੁੰਚੇਗਾ। ਯਾਤਰੀ ਉਥੋਂ ਕਰੀਬ ਚਾਰ ਘੰਟੇ ਦਸ ਮਿੰਟ ਰੁਕਣਗੇ। ਫਿਰ ਜਹਾਜ਼ ਦੁਪਹਿਰ 12.30 ਵਜੇ ਮਿਲਾਨ ਤੋਂ ਰਵਾਨਾ ਹੋਵੇਗਾ ਤੇ ਟੋਰਾਂਟੋ ਦੇ ਸਮੇਂ ਅਨੁਸਾਰ ਦੁਪਹਿਰ ਤਿੰਨ ਵਜੇ ਉਥੇ ਪਹੁੰਚੇਗਾ। ਟੋਰਾਂਟੋ ਦੇ ਪੀਅਰਸਨ ਏਅਰਪੋਰਟ ਤੋਂ ਵਾਪਸੀ ਦੀ ਉਡਾਣ ਹਰੇਕ ਵੀਰਵਾਰ ਨੂੰ ਸ਼ਾਮ ਪੰਜ ਵਜੇ ਹੋਵੇਗੀ ਤੇ ਅਗਲੇ ਦਿਨ ਸ਼ੁੱਕਰਵਾਰ ਦੀ ਸਵੇਰ 6.50 ਵਜੇ ਮਿਲਾਨ ਪੁੱਜੇਗੀ। ਉਥੋਂ ਸਵੇਰੇ 10 ਵਜੇ ਜਹਾਜ਼ ਉਸੇ ਰਾਤ 9.15 ਵਜੇ ਅੰਮ੍ਰਿਤਸਰ ਪੁੱਜੇਗਾ। ਇਸ ਦੌਰਾਨ ਯਾਤਰੀ ਮਿਲਾਨ ‘ਚ ਤਿੰਨ ਘੰਟੇ 10 ਮਿੰਟ ਰੁਕਣਗੇ। ਟੋਰਾਂਟੋ ਤੋਂ ਅੰਮ੍ਰਿਤਸਰ ਦਾ ਸਫਰ 18 ਘੰਟੇ 45 ਮਿੰਟ ‘ਚ ਤੇ ਅੰਮ੍ਰਿਤਸਰ ਤੋਂ ਟੋਰਾਂਟੋ ਦਾ ਸਫਰ 21 ਘੰਟੇ 15 ਮਿੰਟ ‘ਚ ਪੂਰਾ ਹੋਵੇਗਾ। ਇਨ੍ਹਾਂ ਉਡਾਣਾਂ ਲਈ ਏਅਰਲਾਈਨਜ਼ ਆਪਣੇ 359 ਸੀਟਾਂ ਵਾਲੇ ਬੋਇੰਗ 787 ਡਰੀਮਲਾਈਨਰ ਜਹਾਜ਼ ਦੀ ਵਰਤੋਂ ਕਰੇਗੀ।