‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਤੇ ਖਾਲਿਸਤਾਨ ਸਮਰਥਕ ਅੰਮ੍ਰਿਤਪਾਲ ਸਿੰਘ ਖ਼ਿਲਾਫ਼ ਲੁਧਿਆਣਾ ਕਮਿਸ਼ਨਰੇਟ ਪੁਲੀਸ ਨੇ ਵੱਖ-ਵੱਖ ਅਪਰਾਧਕ ਧਾਰਾਵਾਂ ਤਹਿਤ ਕੇਸ ਦਰਜ ਕਰ ਕੇ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਇਹ ਕੇਸ ਏ.ਸੀ.ਪੀ. ਡਿਟੈਕਟਿਵ ਸੁਮਿਤ ਸੂਦ ਦੀ ਸ਼ਿਕਾਇਤ ‘ਤੇ ਦਰਜ ਕੀਤਾ ਗਿਆ। ਆਪਣੇ ਬਿਆਨ ‘ਚ ਉਨ੍ਹਾਂ ਦੱਸਿਆ ਕਿ ਬੁੱਧਵਾਰ ਸ਼ਾਮ ਉਹ ਆਪਣੀ ਟੀਮ ਨਾਲ ਭਾਈ ਬਾਲਾ ਚੌਕ ਨੇੜੇ ਮੌਜੂਦ ਸਨ। ਇਸੇ ਦੌਰਾਨ ਉਨ੍ਹਾਂ ਨੂੰ ਮੁਖਬਰ ਤੋਂ ਸੂਚਨਾ ਮਿਲੀ ਕਿ ਲੁਧਿਆਣਾ ਦੇ ਇਕ ਚੈਨਲ ‘ਤੇ ਮੋਗਾ ਦੇ ਪਿੰਡ ਮਹਿਰੋ ਨਿਵਾਸੀ ਅੰਮ੍ਰਿਤਪਾਲ ਸਿੰਘ ਮਹਿਰੋਂ ਨੇ ਇਕ ਇੰਟਰਵਿਊ ਦਿੱਤਾ ਹੈ। ਇਸ ‘ਚ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਕੀਤੇ ਗਏ ਟਵੀਟ ਦਾ ਵਿਰੋਧ ਕਰਦੇ ਹੋਏ ਉਸ ਨੇ ਕਿਹਾ ਕਿ ਇਹ ਲੋਕ ਤਾਂ 32 ਬੋਰ ਤੇ 12 ਬੋਰ ਦੇਖ ਕੇ ਚੀਕਾਂ ਮਾਰਨ ਲੱਗਦੇ ਹਨ। ਪਰ ਜਿਨ੍ਹਾਂ ਹਥਿਆਰਾਂ ਨੂੰ ਅਜੇ ਦਿਖਾਇਆ ਨਹੀਂ ਗਿਆ ਹੈ, ਉਨ੍ਹਾਂ ਨੂੰ ਦੇਖ ਲਿਆ ਤਾਂ ਇਹ ਲੋਕ ਜ਼ਰੂਰ ਜ਼ਹਿਰ ਖਾ ਲੈਣਗੇ। ਏ.ਸੀ.ਪੀ. ਸੁਮਿਤ ਸੂਦ ਨੇ ਅੱਗੇ ਦੱਸਿਆ ਕਿ ਅੰਮ੍ਰਿਤਪਾਲ ਸਿੰਘ ਨੇ ਅਜਿਹੇ ਇੰਟਰਵਿਊ ਦੇ ਕੇ ਪੰਜਾਬ ਦਾ ਮਾਹੌਲ ਖਰਾਬ ਕੀਤਾ ਹੈ। ਉਨ੍ਹਾਂ ਨੇ ਨੌਜਵਾਨ ਪੀੜ੍ਹੀ ਨੂੰ ਵਰਗਲਾ ਕੇ ਭੜਕਾਊ ਸ਼ਬਦਾਂ ਦੀ ਵਰਤੋਂ ਕਰ ਕੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਜਾਨੋਂ ਮਾਰਨ ਦੀ ਧਮਕੀ ਦੇ ਕੇ ਹਥਿਆਰਾਂ ਦਾ ਸ਼ਰੇਆਮ ਪ੍ਰਚਾਰ ਕੀਤਾ ਹੈ। ਇੰਟਰਵਿਊ ‘ਚ ਮੁਲਜ਼ਮ ਨੇ ਹੋਰ ਹਥਿਆਰਾਂ ਦਾ ਸਟਾਕ ਰੱਖਣ ਤੇ ਸਮਾਂ ਆਉਣ ‘ਤੇ ਸਾਹਮਣੇ ਲਿਆਉਣ ਦੀ ਗੱਲ ਕਹੀ ਹੈ। ਡੀ.ਸੀ.ਪੀ. ਇਨਵੈਸਟੀਗੇਸ਼ਨ ਵਰਿੰਦਰ ਬਰਾੜ ਨੇ ਦੱਸਿਆ ਕਿ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।