ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਅਤੇ ਉਸਦੇ ਕਰੀਬੀ ਦੋਸਤ ਪੱਪਲਪ੍ਰੀਤ ਦੀ ਮਦਦ ਕਰਨ ਵਾਲੀ ਸ਼ਾਹਬਾਦ ਦੀ ਔਰਤ ਬਲਜੀਤ ਕੌਰ ਨੂੰ ਭਾਰੀ ਸੁਰੱਖਿਆ ਦਰਮਿਆਨ ਨਕੋਦਰ ਅਦਾਲਤ ‘ਚ ਪੇਸ਼ ਕੀਤਾ ਗਿਆ। ਜਿੱਥੇ ਅਦਾਲਤ ਨੇ ਪੁਲੀਸ ਨੂੰ ਉਕਤ ਔਰਤ ਦਾ 3 ਦਿਨ ਦਾ ਰਿਮਾਂਡ ਹਾਸਲ ਕੀਤਾ ਹੈ। ਜ਼ਿਕਰਯੋਗ ਹੈ ਕਿ ਬਲਜੀਤ ਕੌਰ ਨੂੰ ਅੰਮ੍ਰਿਤਪਾਲ ਸਿੰਘ ਅਤੇ ਪੱਪਲਪ੍ਰੀਤ ਨੂੰ ਘਰ ‘ਚ ਪਨਾਹ ਦੇਣ ਦੇ ਦੋਸ਼ ‘ਚ ਗ੍ਰਿਫ਼ਤਾਰ ਕੀਤਾ ਗਿਆ ਹੈ। ਸ਼ਾਹਬਾਦ ਦੀ ਰਹਿਣ ਵਾਲੀ ਬਲਜੀਤ ਕੌਰ ਨੇ 19 ਮਾਰਚ ਨੂੰ ਅੰਮ੍ਰਿਤਪਾਲ ਅਤੇ ਪੱਪਲਪ੍ਰੀਤ ਨੂੰ ਆਪਣੇ ਘਰ ਪਨਾਹ ਦਿੱਤੀ ਸੀ ਜਿਸ ਦੇ ਤਹਿਤ ਪੁਲੀਸ ਨੇ ਉਸ ਨੂੰ ਗ੍ਰਿਫ਼ਤਾਰ ਕਰਕੇ ਅਦਾਲਤ ‘ਚ ਪੇਸ਼ ਕੀਤਾ ਹੈ। ਅਦਾਲਤ ਨੇ ਪੁਲੀਸ ਨੂੰ ਉਕਤ ਔਰਤ ਦਾ 3 ਦਿਨ ਦਾ ਰਿਮਾਂਡ ਦਿੱਤਾ ਤਾਂ ਜੋ ਉਸ ਦੀ ਪੁੱਛਗਿੱਛ ਕੀਤੀ ਜਾ ਸਕੇ ਅਤੇ ਇਸ ਮਾਮਲੇ ‘ਚ ਕਈ ਅਹਿਮ ਖੁਲਾਸੇ ਹੋ ਸਕਣ। ਦੂਜੇ ਪਾਸੇ ਵਾਰਿਸ ਪੰਜਾਬੀ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਤੇ ਉਸ ਦੇ ਸਮਰਥਕਾਂ ਖ਼ਿਲਾਫ਼ ਅਜਨਾਲਾ ਥਾਣੇ ‘ਚ 24 ਫ਼ਰਵਰੀ ਨੂੰ ਦਰਜ ਹੋਈ ਐੱਫ਼.ਆਈ.ਆਰ. ਦੇ ਮਾਮਲੇ ‘ਚ ਅੰਮ੍ਰਿਤਪਾਲ ਦੇ ਦੋਵੇਂ ਸਾਥੀਆਂ ਹਰਕਰਨ ਸਿੰਘ ਅਤੇ ਓਂਕਾਰ ਸਿੰਘ ਨੂੰ ਭਾਰੀ ਪੁਲੀਸ ਫੋਰਸ ਅਤੇ ਪੈਰਾ ਮਿਲਟਰੀ ਦੀ ਨਿਗਰਾਨੀ ਹੇਠ ਅਜਨਾਲਾ ਦੀ ਮਾਣਯੋਗ ਅਦਾਲਤ ‘ਚ ਪੇਸ਼ ਕੀਤਾ ਗਿਆ। ਮਾਣਯੋਗ ਅਦਾਲਤ ਵੱਲੋਂ ਇਨ੍ਹਾਂ ਦੋਹਾਂ ਵਿਅਕਤੀਆਂ ਦਾ ਤਿੰਨ ਦਿਨ ਦਾ ਪੁਲੀਸ ਰਿਮਾਂਡ ਦਿੱਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐਡਵੋਕੇਟ ਰਿਤੂ ਰਾਜ ਸਿੰਘ ਨੇ ਦੱਸਿਆ ਕਿ 22 ਫਰਵਰੀ ਨੂੰ ਅਜਨਾਲਾ ‘ਚ ਵਾਪਰੀ ਘਟਨਾ ਕਾਂਡ ਨੂੰ ਲੈ ਕੇ ਅੰਮ੍ਰਿਤਪਾਲ ਸਿੰਘ ਤੇ ਉਸ ਦੇ ਸਾਥੀਆਂ ਖ਼ਿਲਾਫ਼ ਧਾਰਾ 307, 427, 353 ਅਤੇ 506 ਮਾਮਲਾ ਦਰਜ ਕੀਤਾ ਗਿਆ ਸੀ ਜਿਸ ਦੇ ਅਧੀਨ ਅੱਜ ਦੋਵਾਂ ਵਿਅਕਤੀਆਂ ਨੂੰ ਅਜਨਾਲਾ ਦੀ ਮਾਣਯੋਗ ਕੋਰਟ ‘ਚ ਪੇਸ਼ ਕੀਤਾ ਗਿਆ ਜਿਸ ਤੋਂ ਬਾਅਦ ਮਾਣਯੋਗ ਅਦਾਲਤ ਵੱਲੋਂ ਇਨ੍ਹਾਂ ਦਾ ਤਿੰਨ ਦਿਨ ਦਾ ਪੁਲੀਸ ਰਿਮਾਂਡ ਦਿੱਤਾ ਗਿਆ ਹੈ ਅਤੇ 27 ਮਾਰਚ ਨੂੰ ਫਿਰ ਤੋਂ ਮਾਣਯੋਗ ਕੋਰਟ ‘ਚ ਪੇਸ਼ ਕੀਤਾ ਜਾਵੇਗਾ।