‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਅਤੇ ਉਸ ਦੇ ਸਮਰਥਕਾਂ ਵੱਲੋਂ ਅਜਨਾਲਾ ਥਾਣੇ ‘ਤੇ ਬੋਲੇ ਧਾਵੇ ਮਗਰੋਂ ਪੰਜਾਬ ਸਰਕਾਰ ਨੇ ਹੁਣ ਇਨ੍ਹਾਂ ਦੇ ਅਸਲਾ ਲਾਇਸੰਸ ਰੱਦ ਕਰਨੇ ਸ਼ੁਰੂ ਕਰ ਦਿੱਤੇ ਹਨ। ਅੰਮ੍ਰਿਤਪਾਲ ਤੇ ਉਸ ਦੀ ਸੁਰੱਖਿਆ ਗਾਰਦ ‘ਚ ਸ਼ਾਮਲ ਅੱਠ ਹਮਾਇਤੀਆਂ ਦੇ ਅਸਲਾ ਲਾਇਸੰਸਾਂ ‘ਤੇ ਨਜ਼ਰਸਾਨੀ ਦੇ ਹੁਕਮ ਦਿੱਤੇ ਗਏ ਹਨ। ਇਥੇ ਦਿਲਚਸਪ ਤੱਥ ਹੈ ਕਿ ਇਨ੍ਹਾਂ ਵਿੱਚੋਂ ਦੋ ਹਮਾਇਤੀ ਭਾਵੇਂ ਪੰਜਾਬ ਦੇ ਵਸਨੀਕ ਹਨ, ਪਰ ਉਨ੍ਹਾਂ ਅਸਲਾ ਲਾਇਸੈਂਸ ਅੱਤਵਾਦ ਦੇ ਝੰਬੇ ਜੰਮੂ ਕਸ਼ਮੀਰ ਤੋਂ ਲਏ ਹਨ। ਅੰਮ੍ਰਿਤਪਾਲ ਸਿੰਘ ਦੇ ਇਕ ਹੋਰ ਹਮਾਇਤੀ ਗੁਰਭੇਜ ਸਿੰਘ ਵਾਸੀ ਬਾਜਾਖਾਨਾ (ਫਰੀਦਕੋਟ) ਦਾ ਲਾਇਸੰਸ 20 ਫਰਵਰੀ ਨੂੰ ਪਹਿਲਾਂ ਹੀ ਰੱਦ ਕੀਤਾ ਜਾ ਚੁੱਕਾ ਹੈ। ਉਸ ਕੋਲ .32 ਬੋਰ ਰਿਵਾਲਵਰ ਤੇ .315 ਬੋਰ ਰਾਈਫਲ ਦਾ ਲਾਇਸੰਸ ਸੀ। ਅੰਮ੍ਰਿਤਪਾਲ ਸਿੰਘ ਦੇ ਦੋ ਹੋਰ ਸਮਰਥਕ ਵਰਿੰਦਰ ਸਿੰਘ ਤੇ ਤਲਵਿੰਦਰ ਸਿੰਘ ਤਰਨਤਾਰਨ ਦੇ ਵਸਨੀਕ ਹਨ, ਪਰ ਉਨ੍ਹਾਂ ਨੂੰ ਅਸਲਾ ਲਾਇਸੰਸ ਕ੍ਰਮਵਾਰ ਕਿਸ਼ਤਵਾੜ ਤੇ ਜੰਮੂ ਤੋਂ ਜਾਰੀ ਕੀਤੇ ਗਏ ਹਨ। ਇਨ੍ਹਾਂ ‘ਚੋਂ ਇਕ ਪੰਜਾਬ ਤੋਂ ਚੱਲਦੇ ਵੈੱਬ ਚੈਨਲ ਦਾ ਮਾਲਕ ਦੱਸਿਆ ਜਾਂਦਾ ਹੈ। ਸਰਕਾਰ ਨੇ ਇਨ੍ਹਾਂ ਜ਼ਿਲ੍ਹਿਆਂ ਦੇ ਮੈਜਿਸਟਰੇਟਾਂ ਨੂੰ ਅਜਨਾਲਾ ‘ਚ ਹੋਈ ਹਾਲੀਆ ਹਿੰਸਾ ਦੀ ਰੌਸ਼ਨੀ ‘ਚ ਲਾਇਸੰਸਾਂ ‘ਤੇ ਨਜ਼ਰਸਾਨੀ ਲਈ ਕਿਹਾ ਹੈ। ਕਾਬਿਲੇਗੌਰ ਹੈ ਕਿ ਅੰਮ੍ਰਿਤਪਾਲ ਸਿੰਘ ਅਤੇ ਉਸ ਦੇ ਸਮਰਥਕਾਂ ਨੇ ਪਿਛਲੇ ਦਿਨੀਂ ਅਜਨਾਲਾ ਥਾਣੇ ‘ਚ ਬੰਦ ਆਪਣੇ ਇਕ ਸਾਥੀ ਦੀ ਰਿਹਾਈ ਨੂੰ ਲੈ ਕੇ ਥਾਣੇ ‘ਤੇ ਧਾਵਾ ਬੋਲਿਆ ਸੀ। ਇਹ ਹਮਲਾ ਪੰਜਾਬ ਸਰਕਾਰ ਤੇ ਪੰਜਾਬ ਦੇ ਡੀ.ਜੀ.ਪੀ. ਗੌਰਵ ਯਾਦਵ ਨੂੰ ਸਿੱਧੀ ਚੁਣੌਤੀ ਸੀ। ਚੇਤੇ ਰਹੇ ਕਿ ਅੰਮ੍ਰਿਤਪਾਲ ਸਿੰਘ ਨਾਲ ਅਕਸਰ ਜਿਹੜੀ ਸੁਰੱਖਿਆ ਗਾਰਦ ਵਿਖਾਈ ਦਿੰਦੀ ਹੈ, ਉਨ੍ਹਾਂ ਦੇ ਹੱਥਾਂ ‘ਚ ਬੰਦੂਕਾਂ ਤੇ ਰਾਈਫਲਾਂ ਫੜੀਆਂ ਹੁੰਦੀਆਂ ਹਨ। ਅਸਲਾ ਧਾਰਕਾਂ ਦੀ ਸੂਚੀ ਮੁਤਾਬਕ ਅੰਮ੍ਰਿਤਪਾਲ ਕੋਲ .32 ਬੋਰ ਦੇ ਰਿਵਾਲਵਰ ਦਾ ਲਾਇਸੰਸ ਹੈ, ਜੋ ਤਰਨ ਤਾਰਨ ਜ਼ਿਲ੍ਹੇ ਵੱਲੋਂ ਜਾਰੀ ਕੀਤਾ ਗਿਆ ਹੈ। ਇਹ ਲਾਇਸੰਸ 2027 ਤੱਕ ਪ੍ਰਮਾਣਕ ਹੈ, ਪਰ ਇਸ ‘ਤੇ ਜਾਰੀ ਕਰਨ ਦੀ ਤਰੀਕ ਦਾ ਜ਼ਿਕਰ ਨਹੀਂ ਹੈ। ਹੋਰਨਾਂ ਸਮਰਥਕਾਂ ‘ਚ ਪਟਿਆਲਾ ਦੇ ਹਰਪ੍ਰੀਤ ਦੇਵਗਨ ਕੋਲ .32 ਬੋਰ ਦਾ ਰਿਵਾਲਵਰ, 30.06 ਸਪਰਿੰਗ ਫੀਲਡ ਰਾਈਫਲ, ਕੋਟਕਪੂਰਾ ਦੇ ਰਾਮ ਸਿੰਘ ਬਰਾੜ ਕੋਲ 12 ਬੋਰ ਦੋਨਾਲੀ ਬੰਦੂਕ ਤੇ .32 ਬੋਰ ਰਿਵਾਲਵਰ, ਮੋਗਾ ਦੇ ਗੁਰਮੀਤ ਸਿੰਘ ਬੁੱਕਣਵਾਲਾ ਕੋਲ ।32 ਬੋਰ ਦਾ ਰਿਵਾਲਵਰ, ਛਾਜਲੀ ਸੰਗਰੂਰ ਦੇ ਅਵਤਾਰ ਸਿੰਘ ਕੋਲ 12 ਬੋਰ ਦੋਨਾਲੀ ਬੰਦੂਕ, ਖਿਲਚੀਆਂ ਅੰਮ੍ਰਿਤਸਰ ਦੇ ਹਰਜੀਤ ਸਿੰਘ ਕੋਲ 12 ਬੋਰ ਦੋਨਾਲੀ ਬੰਦੂਕ ਤੇ ਐੱਨਪੀ ਬੋਰ ਪਿਸਟਲ ਅਤੇ ਅੰਮ੍ਰਿਤਸਰ ਦੇ ਬਲਜਿੰਦਰ ਸਿੰਘ ਕੋਲ ਦੋਨਾਲੀ ਬੰਦੂਕ, .32 ਬੋਰ ਦਾ ਰਿਵਾਲਵਰ ਤੇ .315 ਬੋਰ ਦੀ ਰਾਈਫਲ ਸ਼ਾਮਲ ਹਨ।