ਰਾਸ਼ਟਰੀ ਜਾਂਚ ਏਜੰਸੀ (ਐੱਨ.ਆਈ.ਏ.) ਦੀ ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੇ ਬਹੁਚਰਚਿਤ ਮਾਲੇ ‘ਚ ਐਂਟਰੀ ਹੋ ਗਈ ਹੈ। ਵੇਰਵਿਆਂ ਮੁਤਾਬਕ ਐੱਨ.ਆਈ.ਏ. ਦੀਆਂ 8 ਟੀਮਾਂ ਪੰਜਾਬ ‘ਚ ਪਹੁੰਚ ਗਈਆਂ ਹਨ। ਦੱਸਿਆ ਜਾ ਰਿਹਾ ਹੈ ਕਿ ਐੱਨ.ਆਈ.ਏ. ਦੀਆਂ 8 ਟੀਮਾਂ ਪੰਜਾਬ ‘ਚ ਦਾਖ਼ਲ ਹੋਈਆਂ ਹਨ। ਟੀਮਾਂ ਵੱਲੋਂ ਉਕਤ ਮਾਮਲੇ ‘ਚ ਜਲੰਧਰ, ਤਰਨਤਾਰਨ, ਗੁਰਦਾਸਪੁਰ ਅਤੇ ਅੰਮ੍ਰਿਤਸਰ ‘ਚ ਜਾਂਚ ਕੀਤੀ ਜਾ ਰਹੀ ਹੈ। ਉਥੇ ਹੀ ਦੂਜੇ ਪਾਸੇ ਪੂਰੇ ਸੂਬੇ ‘ਚ ਪੰਜਾਬ ਪੁਲੀਸ ਵੱਲੋਂ ਤਲਾਸ਼ੀ ਮੁਹਿੰਮ ਜਾਰੀ ਹੈ। ਪੰਜਾਬ ‘ਚ ਅੱਜ ਦੁਪਹਿਰ 12 ਵਜੇ ਕੁਝ ਜ਼ਿਲ੍ਹਿਆਂ ‘ਚ ਇੰਟਰਨੈੱਟ ਸੇਵਾਵਾਂ ਬਹਾਲ ਕਰ ਦਿੱਤੀਆਂ ਗਈਆਂ ਪਰ ਮੋਗਾ ਤੇ ਫਿਰੋਜ਼ਪੁਰ ਸਮੇਤ 6 ਜ਼ਿਲ੍ਹਿਆਂ ਅਤੇ ਕੁਝ ਹੋਰ ਥਾਵਾਂ ‘ਤੇ ਹਾਲੇ ਵੀ ਦੋ ਦਿਨ ਹੋਰ ਇੰਟਰਨੈੱਟ ਸੇਵਾ ਵਾਂਬੰਦ ਰਹਿਣਗੀਆਂ। ਇਸ ਦੇ ਨਾਲ ਹੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ‘ਚ ਅੰਮ੍ਰਿਤਪਾਲ ਸਿੰਘ ਮਾਮਲੇ ‘ਤੇ ਸੁਣਵਾਈ ਹੋ ਰਹੀ ਹੈ। ਇਸ ‘ਚ ਮੰਗ ਕੀਤੀ ਗਈ ਹੈ ਕਿ ਅੰਮ੍ਰਿਤਪਾਲ ਸਿੰਘ ਨੂੰ ਜ਼ਬਰਨ ਹਿਰਾਸਤ ‘ਚ ਰੱਖਿਆ ਗਿਆ ਹੈ। ਦੂਜੇ ਪਾਸੇ ਪੁਲੀਸ ਨੇ ਅੰਮ੍ਰਿਤਪਾਲ ਸਿੰਘ ਦੇ ਪਰਿਵਾਰਕ ਮੈਂਬਰਾਂ ‘ਤੇ ਸ਼ਿਕੰਜਾ ਕੱਸਣਾ ਸ਼ੁਰੂ ਕਰ ਦਿੱਤਾ ਹੈ। ਸੂਤਰਾਂ ਦੇ ਮੁਤਾਬਕ ਅੰਮ੍ਰਿਤਪਾਲ ਸਿੰਘ ਦੀ ਪਤਨੀ ਅਤੇ ਯੂ.ਕੇ. ਦੀ ਰਹਿਣ ਵਾਲੀ ਕਿਰਨਦੀਪ ਕੌਰ ਤੋਂ ਵੀ ਪੁੱਛਗਿੱਛ ਸ਼ੁਰੂ ਕਰ ਦਿੱਤੀ ਗਈ ਹੈ। ਪਤਾ ਲੱਗਾ ਹੈ ਕਿ ਪੁਲੀਸ ਅੰਮ੍ਰਿਤਪਾਲ ਸਿੰਘ ਅਤੇ ਕਿਰਨਦੀਪ ਕੌਰ ਦੇ ‘ਗੁਪਤ ਵਿਆਹ’ ਦੀ ਜਾਂਚ ਕਰ ਰਹੀ ਹੈ। ਅੰਮ੍ਰਿਤਪਾਲ ਸਿੰਘ ਦੇ ਚਾਚਾ ਅਤੇ ਡਰਾਈਵਰ ਨੇ ਵੀ ਪੁਲੀਸ ਕੋਲ ਬੀਤੇ ਦਿਨ ਆਤਮ-ਸਮਰਪਣ ਕਰ ਦਿੱਤਾ ਸੀ। ਇਸੇ ਦੌਰਾਨ ਅੱਜ ਮੰਗਲਵਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਹੈ ਕਿ ਕੁਝ ਲੋਕ ਵਿਦੇਸ਼ੀ ਤਾਕਤਾਂ ਦੇ ਹੱਥੇ ਚੜ੍ਹ ਕੇ ਕਾਨੂੰਨ ਵਿਵਸਥਾ ਵਿਗਾੜ ਰਹੇ ਹਨ, ਜਿਨ੍ਹਾਂ ਵੱਲੋਂ ਪੁਲੀਸ ਵਿਰੁੱਧ ਭੱਦੀ ਸ਼ਬਦਾਵਲੀ ਦੀ ਵਰਤੋਂ ਕੀਤੀ ਜਾ ਰਹੀ ਹੈ। ਅਜਿਹੇ ਸ਼ਰਾਰਤੀ ਅਨਸਰਾਂ ਨੂੰ ਬਖਸ਼ਿਆ ਨਹੀਂ ਜਾਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਅਜਿਹੀ ਤਾਕਤ, ਜੋ ਦੇਸ਼ ਵਿਰੋਧੀ ਹੋਵੇ ਅਤੇ ਪੰਜਾਬ ‘ਚ ਪੈਰ ਪਸਾਰ ਰਹੀ ਹੋਵੇ, ਨੂੰ ਛੱਡਿਆ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀ ਪ੍ਰਮੁੱਖਤਾ ਅਮਨ-ਸ਼ਾਂਤੀ, ਸਿੱਖਿਆ ਅਤੇ ਸਿਹਤ ਹੈ, ਜਿਸ ‘ਤੇ ਪਹਿਰਾ ਦਿੱਤਾ ਜਾਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਧਰਮਨਿਰਪੱਖ ਹੈ, ਜੋ ਧਰਮ ਦੀ ਰਾਜਨੀਤੀ ਨਹੀਂ ਕਰਦੀ। ਉਨ੍ਹਾਂ ਕਿਹਾ ਕਿ ਪੰਜਾਬ ਦੀ ਸ਼ਾਂਤੀ ਭੰਗ ਕਰਨ ਵਾਲਿਆਂ ਵਿਰੁੱਧ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ।