ਅਮਰੀਕਾ ਨੇ 28 ਮਾਰਚ ਤੋਂ ਹੁਣ ਤੱਕ ਇੰਡੀਆ ਯਾਤਰਾ ਲਈ ਚਾਰ ਵਾਰ ਐਡਵਾਈਜ਼ਰੀ ਜਾਰੀ ਕੀਤੀ ਹੈ ਤੇ ਹਰ ਵਾਰ ਇੰਡੀਆ ਨੂੰ ਲੈਵਲ ‘ਚ ਵਰਗ ‘ਚ ਰੱਖਿਆ ਹੈ। ਅਮਰੀਕਾ ਲੈਵਲ ਦੋ ‘ਚ ਆਉਂਦੇ ਮੁਲਕਾਂ ‘ਚ ਜਾਣ ਦੇ ਇੱਛੁਕ ਤੇ ਯੋਜਨਾ ਬਣਾਈ ਬੈਠੇ ਆਪਣੇ ਨਾਗਰਿਕਾਂ ਨੂੰ ਵਧੇਰੇ ਚੌਕਸ ਰਹਿਣ ਦੀ ਸਲਾਹ ਦਿੰਦਾ ਹੈ। ਅਮਰੀਕਾ ‘ਚ ਯਾਤਰਾ ਐਡਵਾਈਜ਼ਰੀ ਦਾ ਅਮਲ ਕਈ ਸਾਲ ਪਹਿਲਾਂ ਸ਼ੁਰੂ ਕੀਤਾ ਗਿਆ ਸੀ। ਗ੍ਰਹਿ ਵਿਭਾਗ ਵੱਲੋਂ ਜਾਰੀ ਕੀਤੀ ਜਾਂਦੀ ਐਡਵਾਈਜ਼ਰੀ ਨੂੰ ਹੁਣ ਚਾਰ ਵੱਖੋ ਵੱਖਰੇ ਕਲਰ-ਕੋਡ ਵਾਲੇ 1 ਤੋਂ 4 ਲੈਵਲਾਂ ‘ਚ ਵੰਡਿਆ ਗਿਆ ਹੈ। ਪਹਿਲਾ ਲੈਵਲ ਜਿਸ ਦਾ ਕਲਰ ਕੋਡ ਸਫ਼ੈਦ (ਵ੍ਹਾਈਟ) ਹੈ, ਨੂੰ ਯਾਤਰਾ ਲਈ ਸਭ ਤੋਂ ਸੁਰੱਖਿਅਤ ਥਾਂ ਮੰਨਿਆ ਜਾਂਦਾ ਹੈ ਜਦੋਂਕਿ ਲੈਵਲ ਚਾਰ (ਰੈੱਡ) ਲਈ ਅਮਰੀਕਾ ਆਪਣੇ ਨਾਗਰਿਕਾਂ ਨੂੰ ਯਾਤਰਾ ਨਾ ਕਰਨ ਦੀ ਸਲਾਹ ਦਿੰਦਾ ਹੈ। ਪੀਲੇ ਰੰਗ ਵਾਲਾ ਲੈਵਲ ਦੋ ਅਮਰੀਕਨਾਂ ਨੂੰ ਯਾਤਰਾ ਦੌਰਾਨ ਵਧੇਰੇ ਚੌਕਸੀ ਵਰਤਣ ਦੀ ਸਲਾਹ ਦਿੰਦਾ ਹੈ। ਅਮਰੀਕਾ ਨੇ ਇੰਡੀਆ ਯਾਤਰਾ ਦੇ ਇੱਛੁਕ ਆਪਣੇ ਨਾਗਰਿਕਾਂ ਲਈ ਇਸ ਸਾਲ 28 ਮਾਰਚ ਤੋਂ ਪੀਲੇ ਰੰਗ ਦੀ ਚੇਤਾਵਨੀ ਜਾਰੀ ਕਰਦਿਆਂ ਵਧੇਰੇ ਚੌਕਸ ਰਹਿਣ ਦੀ ਸਲਾਹ ਦਿੱਤੀ ਸੀ। ਅਮਰੀਕਨ ਗ੍ਰਹਿ ਵਿਭਾਗ ਨੇ 24 ਜਨਵਰੀ ਨੂੰ ਆਪਣੀ ਐਡਵਾਈਜ਼ਰੀ ਨੂੰ ਲੈਵਲ 3 ਤੋਂ ਘਟਾ ਕੇ 2 ਕਰ ਦਿੱਤਾ ਸੀ। ਤੀਜੇ ਲੈਵਲ ‘ਚ ਅਮਰੀਕਾ ਆਪਣੇ ਨਾਗਰਿਕਾਂ ਨੂੰ ਕਿਸੇ ਖਾਸ ਮੁਲਕ ਦੀ ਫੇਰੀ ਦੇ ਵਿਚਾਰ ‘ਤੇ ਮੁੜ ਗੌਰ ਕਰਨ ਦੀ ਸਲਾਹ ਦਿੰਦਾ ਹੈ। ਇੰਡੀਆ ਯਾਤਰਾ ਲਈ ਜਾਰੀ ਬਹੁਤੀਆਂ ਸਲਾਹਾਂ ਲੈਵਲ ਦੋ ਦੀਆਂ ਹੁੰਦੀਆਂ ਹਨ ਤੇ ਇਕਾ ਦੁੱਕਾ ਮੌਕਿਆਂ ‘ਤੇ ਇਸ ਨੂੰ ਲੈਵਲ ਤਿੰਨ ਵੀ ਕੀਤਾ ਗਿਆ ਹੈ। ਅਪਰੈਲ 2021 ‘ਚ ਜਦੋਂ ਕੋਵਿਡ-19 ਸੰਕਟ ਆਪਣੀ ਸਿਖਰ ‘ਤੇ ਸੀ, ਉਦੋਂ ਐਡਵਾਈਜ਼ਰੀ ਨੂੰ ਲੈਵਲ ਚਾਰ ਵਰਗ ‘ਚ ਰੱਖਿਆ ਗਿਆ ਸੀ। ਅਮਰੀਕਾ ਯਾਤਰਾ ਐਡਵਾਈਜ਼ਰੀ ਜਾਰੀ ਕਰਨ ਮੌਕੇ ਮੁਲਕ ਵਿਚਲੇ ਹਾਲਾਤ, ਸਿਹਤ ਨਾਲ ਜੁੜੇ ਫਿਕਰਾਂ, ਕਾਨੂੰਨ ਤੇ ਵਿਵਸਥਾ, ਅੱਤਵਾਦ, ਸਬੰਧਤ ਮੁਲਕ ਨਾਲ ਆਪਣੇ ਰਿਸ਼ਤੇ ਤੇ ਯਾਤਰਾ ਸੀਜ਼ਨ ਆਦਿ ਕਾਰਕਾਂ ਨੂੰ ਜ਼ਿਹਨ ‘ਚ ਰੱਖਦਾ ਹੈ। ਇੰਡੀਆ ਦੇ ਗੁਆਂਢੀ ਮੁਲਕਾਂ ਅਫ਼ਗ਼ਾਨਿਸਤਾਨ ਤੇ ਮਿਆਂਮਾਰ ਨੂੰ ਸਿਖਰਲੀ ਚੌਥੇ ਲੈਵਲ ਦੀ ਸ਼੍ਰੇਣੀ ‘ਚ ਰੱਖਿਆ ਗਿਆ ਹੈ। ਪਾਕਿਸਤਾਨ ਤੇ ਚੀਨ ਲੈਵਲ ਤਿੰਨ ‘ਚ ਹਨ।