ਡੇਢ ਦਹਾਕੇ ਦੀ ਜਾਂਚ ਪੜਤਾਲ ਮਗਰੋਂ ਅਮਰੀਕਾ ਨੇ ਇੰਡੀਆ ਨੂੰ 307 ਪੁਰਾਤਨ ਵਸਤੂਆਂ ਵਾਪਸ ਭੇਜ ਦਿੱਤੀਆਂ ਹਨ। ਇਹ ਵਸਤਾਂ ਜਾਂ ਚੋਰੀ ਕੀਤੀਆਂ ਗਈਆਂ ਸਨ ਜਾਂ ਦੇਸ਼ ਤੋਂ ਬਾਹਰ ਤਸਕਰੀ ਕੀਤੀਆਂ ਗਈਆਂ ਸਨ। ਇਨ੍ਹਾਂ ਵਸਤਾਂ ਦੀ ਕੀਮਤ ਲਗਭਗ 49 ਲੱਖ ਅਮਰੀਕਨ ਡਾਲਰ ਹੈ। ਇਨ੍ਹਾਂ ਵਿੱਚੋਂ ਜ਼ਿਆਦਾਤਰ ਵਸਤਾਂ ਬਦਨਾਮ ਕਾਰੋਬਾਰੀ ਸੁਭਾਸ਼ ਕਪੂਰ ਤੋਂ ਬਰਾਮਦ ਕੀਤੀਆਂ ਗਈਆਂ। ਮੈਨਹਟਨ ਦੇ ਜ਼ਿਲ੍ਹਾ ਅਟਾਰਨੀ ਐਲਵਿਨ ਬ੍ਰੈਗ ਨੇ ਇੰਡੀਆ ਨੂੰ ਲਗਭਗ 49 ਲੱਖ ਡਾਲਰ ਮੁੱਲ ਦੀਆਂ 307 ਪੁਰਾਣੀਆਂ ਚੀਜ਼ਾਂ ਵਾਪਸ ਕਰਨ ਦਾ ਐਲਾਨ ਕੀਤਾ। ਬ੍ਰੈਗ ਨੇ ਕਿਹਾ ਕਿ ਇਨ੍ਹਾਂ ਵਿੱਚੋਂ 235 ਵਸਤੂਆਂ ਨੂੰ ਕਪੂਰ ਖ਼ਿਲਾਫ਼ ਛਾਪੇਮਾਰੀ ਦੌਰਾਨ ਮੈਨਹਟਨ ਜ਼ਿਲਾ ਅਟਾਰਨੀ ਦਫਤਰ ਦੁਆਰਾ ਜ਼ਬਤ ਕੀਤਾ ਗਿਆ ਸੀ। ਕਪੂਰ ‘ਅਫ਼ਗਾਨਿਸਤਾਨ, ਕੰਬੋਡੀਆ, ਭਾਰਤ, ਇੰਡੋਨੇਸ਼ੀਆ, ਮਿਆਂਮਾਰ, ਨੇਪਾਲ, ਪਾਕਿਸਤਾਨ, ਸ਼੍ਰੀਲੰਕਾ, ਥਾਈਲੈਂਡ ਅਤੇ ਹੋਰ ਦੇਸ਼ਾਂ ਤੋਂ ਸਾਮਾਨ ਦੀ ਤਸਕਰੀ ਵਿੱਚ ਮਦਦ ਕਰਦਾ ਹੈ।’ ਮੈਨਹਟਨ ਦੇ ਜ਼ਿਲ੍ਹਾ ਅਟਾਰਨੀ ਦੇ ਦਫ਼ਤਰ ਦੇ ਅਨੁਸਾਰ ਨਿਊਯਾਰਕ ‘ਚ ਭਾਰਤੀ ਵਣਜ ਦੂਤਘਰ ‘ਚ ਇੱਕ ਸਮਾਰੋਹ ਦੌਰਾਨ ਇਹ ਪੁਰਾਤਨ ਵਸਤੂਆਂ ਇੰਡੀਆ ਨੂੰ ਸੌਂਪ ਦਿੱਤੀਆਂ ਗਈਆਂ। ਇੰਡੀਆ ਦੇ ਕੌਂਸਲ ਜਨਰਲ ਰਣਧੀਰ ਜੈਸਵਾਲ ਅਤੇ ਅਮਰੀਕਨ ਗ੍ਰਹਿ ਸੁਰੱਖਿਆ ਵਿਭਾਗ ਦੇ ‘ਇਨਵੈਸਟੀਗੇਸ਼ਨ ਐਕਟਿੰਗ ਡਿਪਟੀ ਸਪੈਸ਼ਲ ਏਜੰਟ-ਇਨ-ਚਾਰਜ’ ਕ੍ਰਿਸਟੋਫਰ ਲੌ ਨੇ ਇਸ ਸਮਾਗਮ ‘ਚ ਸ਼ਿਰਕਤ ਕੀਤੀ। ਬ੍ਰੈਗ ਨੇ ਕਿਹਾ ਕਿ ਇਹ ਪੁਰਾਤਨ ਵਸਤੂਆਂ ਤਸਕਰਾਂ ਦੇ ਗਰੋਹ ਵੱਲੋਂ ਕਈ ਥਾਵਾਂ ਤੋਂ ਚੋਰੀ ਕੀਤੀਆਂ ਗਈਆਂ ਸਨ।