ਦੋਹਾ ਦੇ ਖਲੀਫਾ ਇੰਟਰਨੈਸ਼ਨਲ ਸਟੇਡੀਅਮ ‘ਚ ਅਮਰੀਕਾ ਨਾਲ ਪ੍ਰੀ-ਕੁਆਰਟਰ ਫਾਈਨਲ ਮੁਕਾਬਲੇ ‘ਚ ਨੀਦਰਲੈਂਡਜ਼ ਦੀ ਟੀਮ ਜੇਤੂ ਰਹੀ। ਨੀਦਰਲੈਂਡਜ਼ ਇਹ ਮੁਕਾਬਲਾ 3-1 ਨਾਲ ਜਿੱਤ ਕੇ ਕੁਆਰਟਰ ਫਾਈਨਲ ‘ਚ ਪਹੁੰਚਣ ਵਾਲੀ ਪਹਿਲੀ ਟੀਮ ਬਣ ਗਈ ਹੈ। ਨੀਦਰਲੈਂਡਜ਼ ਨੇ ਗਰੁੱਪ ਗੇੜ ‘ਚ ਸੱਤ ਅੰਕਾਂ ਨਾਲ ਪਹਿਲਾ ਸਥਾਨ ਹਾਸਲ ਕਰ ਕੇ ਸੁਪਰ-16 ‘ਚ ਜਗ੍ਹਾ ਬਣਾਈ ਸੀ। ਨੈੀਦਰਲੈਂਡਜ਼ ਵੱਲੋਂ ਮੈਮਫਿਸ ਡੀਪੇਅ, ਡਾਲੇਅ ਬਲਾਈਂਡ ਅਤੇ ਡੈਨਜ਼ਿਲ ਡਮਫਰਾਈਜ਼ ਨੇ ਗੋਲ ਦਾਗੇ ਜਦਕਿ ਅਮਰੀਕਾ ਲਈ ਇਕੋ-ਇਕ ਹਾਜੀ ਰਾਈਟ ਨੇ ਗੋਲ ਕੀਤਾ। ਦੂਜੇ ਪਾਸੇ ਸਵਿਟਜ਼ਰਲੈਂਡ ਨੇ ਸਰਬੀਆ ਨੂੰ 3-2 ਨਾਲ ਹਰਾ ਕੇ ਲਗਾਤਾਰ ਤੀਜੀ ਵਾਰ ਵਰਲਡ ਕੱਪ ਫੁੱਟਬਾਲ ਪ੍ਰਤੀਯੋਗਿਤਾ ਦੇ ਆਖ਼ਰੀ 16 ‘ਚ ਥਾਂ ਬਣਾ ਲਈ ਹੈ। ਇਸ ਗਰੁੱਪ ਜੀ ਮੈਚ ‘ਚ ਰੇਮੋ ਫਰੇਲਰ (48ਵੇਂ ਮਿੰਟ) ਨੇ ਹਾਫ ਟਾਈਮ ਦੇ ਤੁਰੰਤ ਬਾਅਦ ਜੇਤੂ ਗੋਲ ਕੀਤਾ। ਇਸ ਜਿੱਤ ਨਾਲ ਸਵਿਟਜ਼ਰਲੈਂਡ ਬ੍ਰਾਜ਼ੀਲ ਤੋਂ ਬਾਅਦ ਗਰੁੱਪ ‘ਚ ਦੂਜੇ ਸਥਾਨ ‘ਤੇ ਆ ਗਿਆ ਹੈ। ਲੁਸੇਲ ਸਟੇਡੀਅਮ ‘ਚ ਮੰਗਲਵਾਰ ਨੂੰ ਆਖਰੀ 16 ‘ਚ ਉਨ੍ਹਾਂ ਦਾ ਸਾਹਮਣਾ ਪੁਰਤਗਾਲ ਨਾਲ ਹੋਵੇਗਾ। ਸਵਿਟਜ਼ਰਲੈਂਡ ਲਈ ਜ਼ੇਰਦਾਨ ਸ਼ਕੀਰੀ ਨੇ 20ਵੇਂ ਮਿੰਟ ‘ਚ ਪਹਿਲਾ ਗੋਲ ਕਰਕੇ ਟੀਮ ਨੂੰ ਬੜ੍ਹਤ ਦਿਵਾਈ, ਪਰ ਸਰਬੀਆ ਨੇ ਅਲੈਗਜ਼ੈਂਡਰ ਮਿਤਰੋਵਿਚ (26ਵੇਂ ਮਿੰਟ) ਅਤੇ ਦੁਸਾਨ ਵਲਾਹੋਵਿਕ (35ਵੇਂ ਮਿੰਟ) ਦੇ ਗੋਲਾਂ ਨਾਲ ਜਵਾਬੀ ਕਾਰਵਾਈ ਕੀਤੀ। ਬ੍ਰੇਲ ਐਂਬੋਲੋ (44ਵੇਂ ਮਿੰਟ) ਨੇ ਹਾਫ ਟਾਈਮ ਤੋਂ ਠੀਕ ਪਹਿਲਾਂ ਗੋਲ ਕਰਕੇ ਸਵਿਟਜ਼ਰਲੈਂਡ ਨੂੰ ਬਰਾਬਰੀ ਦਿਵਾਈ। ਸਵਿਟਜ਼ਰਲੈਂਡ ਇਸ ਤੋਂ ਪਹਿਲਾਂ ਬ੍ਰਾਜ਼ੀਲ ਤੋਂ ਹਾਰ ਗਿਆ ਸੀ ਜਦਕਿ ਉਸ ਨੇ ਕੈਮਰੂਨ ਨੂੰ ਹਰਾਇਆ ਸੀ। ਅਜਿਹੇ ‘ਚ ਸਰਬੀਆ ਖ਼ਿਲਾਫ਼ ਜਿੱਤ ਨਾਲ ਆਖਰੀ 16 ‘ਚ ਉਸ ਦੀ ਜਗ੍ਹਾ ਪੱਕੀ ਹੋ ਗਈ। ਉਸਦੇ ਤੇ ਬ੍ਰਾਜ਼ੀਲ ਦੇ ਬਰਾਬਰ ਛੇ ਅੰਕ ਸਨ, ਪਰ ਦੱਖਣੀ ਅਮਰੀਕਾ ਦੀ ਟੀਮ ਬਿਹਤਰ ਗੋਲ ਅੰਤਰ ਕਾਰਨ ਗਰੁੱਪ ‘ਚ ਸਿਖਰ ‘ਤੇ ਰਹੀ। ਸਵਿਸ ਟੀਮ 2014 ‘ਚ ਬ੍ਰਾਜ਼ੀਲ ‘ਚ ਖੇਡੇ ਗਏ ਵਰਲਡ ਕੱਪ ‘ਚ ਅਤੇ ਉਸ ਦੇ ਚਾਰ ਸਾਲ ਬਾਅਦ ਰੂਸ ‘ਚ ਵੀ ਆਖਰੀ 16 ‘ਚ ਪਹੁੰਚੀ ਸੀ। ਹਾਲਾਂਕਿ ਇਨ੍ਹਾਂ ਦੋਵਾਂ ਵਰਲਡ ਕੱਪਾਂ ‘ਚ ਉਹ ਅਰਜਨਟੀਨਾ ਅਤੇ ਸਵੀਡਨ ਤੋਂ ਕ੍ਰਮਵਾਰ 1-0 ਨਾਲ ਹਾਰ ਗਿਆ ਸੀ। ਜੇਕਰ ਸਵਿਸ ਟੀਮ ਪੁਰਤਗਾਲ ਨੂੰ ਹਰਾਉਣ ‘ਚ ਕਾਮਯਾਬ ਹੋ ਜਾਂਦੀ ਹੈ ਤਾਂ 1954 ਤੋਂ ਬਾਅਦ ਇਹ ਪਹਿਲੀ ਵਾਰ ਹੋਵੇਗਾ ਕਿ ਉਹ ਕੁਆਰਟਰ ਫਾਈਨਲ ‘ਚ ਜਗ੍ਹਾ ਬਣਾਏਗੀ। ਸਵਿਟਜ਼ਰਲੈਂਡ ਨੇ 1954 ‘ਚ ਵਰਲਡ ਕੱਪ ਦੀ ਮੇਜ਼ਬਾਨੀ ਕੀਤੀ ਸੀ।