ਅਮਰੀਕਨ ਰਾਸ਼ਟਰਪਤੀ ਜੋਅ ਬਾਇਡਨ ਨੇ ਕਿਹਾ ਕਿ ਅਮਰੀਕੀ ਲੜਾਕੂ ਜਹਾਜ਼ਾਂ ਨੇ ਅਲਾਸਕਾ ਤੋਂ ਉੱਤਰੀ ਕੈਨੇਡਾ ਦੇ ਹਵਾਈ ਖੇਤਰ ‘ਚ ਦਾਖਲ ਹੋਈ ਇਕ ਅਣਪਛਾਤੀ ਅਤੇ ਮਾਨਵ ਰਹਿਤ ਵਸਤੂ ਨੂੰ ਤਬਾਹ ਕਰ ਦਿੱਤਾ ਹੈ। ਅਮਰੀਕਨ ਰਾਸ਼ਟਰਪਤੀ ਦੀ ਸਰਕਾਰੀ ਰਿਹਾਇਸ਼ ਅਤੇ ਦਫਤਰ ਵ੍ਹਾਈਟ ਹਾਊਸ ਨੇ ਕਿਹਾ ਕਿ ਇਸ ਸਬੰਧ ‘ਚ ਫ਼ੈਸਲਾ ਅਮਰੀਕਨ ਰਾਸ਼ਟਰਪਤੀ ਜੋਅ ਬਾਇਡਨ ਅਤੇ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵਿਚਾਲੇ ਫੋਨ ‘ਤੇ ਹੋਈ ਗੱਲਬਾਤ ਤੋਂ ਬਾਅਦ ਲਿਆ ਗਿਆ। ਇਸ ਤੋਂ ਇਕ ਦਿਨ ਪਹਿਲਾਂ ਇਕ ਅਮਰੀਕਨ ਲੜਾਕੂ ਜਹਾਜ਼ ਨੇ ਬਾਇਡਨ ਦੇ ਆਦੇਸ਼ਾਂ ‘ਤੇ ਅਲਾਸਕਾ ਦੇ ਉੱਤਰੀ ਤੱਟ ਦੇ ਨੇੜੇ ਲਗਭਗ 40,000 ਫੁੱਟ ਦੀ ਉਚਾਈ ‘ਤੇ ਉੱਡ ਰਹੀ ਇਕ ਛੋਟੀ ਕਾਰ ਦੇ ਆਕਾਰ ਦੀ ਵਸਤੂ ਨੂੰ ਨਸ਼ਟ ਕਰ ਦਿੱਤਾ ਸੀ। ਅਮਰੀਕਨ ਰੱਖਿਆ ਵਿਭਾਗ ਦੇ ਹੈੱਡਕੁਆਰਟਰ ਪੈਂਟਾਗਨ ਦੇ ਪ੍ਰੈੱਸ ਸਕੱਤਰ ਬ੍ਰਿਗੇਡੀਅਰ ਪੈਟ ਰਾਈਡਰ ਨੇ ਦੱਸਿਆ ਕਿ ‘ਨਾਰਥ ਅਮਰੀਕਨ ਐਰੋਸਪੇਸ ਡਿਫੈਂਸ ਕਮਾਂਡ’ ਨੇ ਅਲਾਸਕਾ ‘ਤੇ ਇਕ ਵਸਤੂ ਦੇਖੀ। ਵ੍ਹਾਈਟ ਹਾਊਸ ਨੇ ਦੱਸਿਆ ਕਿ ਨੋਰਾਡ ਨੇ ਅਗਲੇ 24 ਘੰਟਿਆਂ ਲਈ ਵਸਤੂ ਦੀ ਨੇੜਿਓਂ ਨਿਗਰਾਨੀ ਕੀਤੀ ਅਤੇ ਰਾਸ਼ਟਰਪਤੀ ਨੂੰ ਉਨ੍ਹਾਂ ਦੀ ਰਾਸ਼ਟਰੀ ਸੁਰੱਖਿਆ ਟੀਮ ਦੁਆਰਾ ਲਗਾਤਾਰ ਜਾਣਕਾਰੀ ਦਿੱਤੀ ਗਈ। ਵ੍ਹਾਈਟ ਹਾਊਸ ਨੇ ਕਿਹਾ ਕਿ ‘ਬਹੁਤ ਜ਼ਿਆਦਾ ਸਾਵਧਾਨੀ ਦੇ ਨਾਲ ਅਤੇ ਉਨ੍ਹਾਂ ਦੀਆਂ ਸਬੰਧਤ ਫੌਜਾਂ ਦੀ ਸਿਫ਼ਾਰਸ਼ ‘ਤੇ ਬਾਇਡਨ ਅਤੇ ਟਰੂਡੋ ਨੇ ਇਸ ਨੂੰ ਨਸ਼ਟ ਕਰਨ ਦੀ ਇਜਾਜ਼ਤ ਦਿੱਤੀ।’ ਬਾਇਡਨ ਨੇ ਇਸ ਮੁਹਿੰਮ ਲਈ ਐੱਨ.ਓ.ਆਰ.ਏ.ਡੀ. ਨੂੰ ਸੌਂਪੇ ਗਏ ਅਮਰੀਕਨ ਲੜਾਕੂ ਜਹਾਜ਼ ਨੇ ਕੈਨੇਡਾ ਦੇ ਅਧਿਕਾਰੀਆਂ ਨਾਲ ਤਾਲਮੇਲ ਨਾਲ ਕੈਨੇਡੀਅਨ ਖੇਤਰ ‘ਚ ਵਸਤੂ ਨੂੰ ਨਸ਼ਟ ਕਰ ਦਿੱਤਾ। ਇਸ ਦੌਰਾਨ ਟਰੂਡੋ ਨੇ ਇਹ ਵੀ ਕਿਹਾ ਕਿ ਉਨ੍ਹਾਂ ਦੇ ਹੁਕਮਾਂ ‘ਤੇ ਅਮਰੀਕਾ ਦੇ ਲੜਾਕੂ ਜਹਾਜ਼ ਨੇ ਯੂਕੋਨ ਦੇ ਹਵਾਈ ਖੇਤਰ ‘ਚ ਉੱਡ ਰਹੀ ਇਕ ‘ਅਣਪਛਾਤੀ ਵਸਤੂ’ ਨੂੰ ਤਬਾਹ ਕਰ ਦਿੱਤਾ ਹੈ। ਅਜੇ ਤੱਕ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਇਹ ਵਸਤੂ ਕਿੰਨੀ ਉੱਚੀ ਉੱਡ ਰਹੀ ਸੀ। ਐਫ-22 ਲੜਾਕੂ ਜਹਾਜ਼ਾਂ ਨੇ ਹੁਣ ਤੱਕ ਤਿੰਨ ਅਜਿਹੀਆਂ ਵਸਤੂਆਂ ਨੂੰ ਤਬਾਹ ਕਰ ਦਿੱਤਾ ਹੈ ਜਿਨ੍ਹਾਂ ਵਿੱਚੋਂ ਘੱਟੋ-ਘੱਟ ਇਕ ਚੀਨੀ ਜਾਸੂਸੀ ਗੁਬਾਰਾ ਸੀ, ਪਰ ਬਾਕੀ ਦੋ ਦੇ ਵੇਰਵੇ ਅਜੇ ਜਨਤਕ ਨਹੀਂ ਕੀਤੇ ਗਏ ਹਨ। ਇਕ ਹਫ਼ਤਾ ਪਹਿਲਾਂ ਅਮਰੀਕਾ ਨੇ ਦੱਖਣੀ ਕੈਰੋਲੀਨਾ ਦੇ ਤੱਟ ਤੋਂ ਅਟਲਾਂਟਿਕ ਮਹਾਂਸਾਗਰ ‘ਚ ਇਕ ਚੀਨੀ ਗੁਬਾਰੇ ਨੂੰ ਤਬਾਹ ਕਰ ਦਿੱਤਾ ਸੀ ਜੋ 30 ਜਨਵਰੀ ਨੂੰ ਅਮਰੀਕਨ ਹਵਾਈ ਖੇਤਰ ‘ਚ ਦਾਖਲ ਹੋਇਆ ਸੀ। ਪੈਂਟਾਗਨ ਨੇ ਕਿਹਾ ਹੈ ਕਿ ਇਹ ਗੁਬਾਰਾ ਉਸ ਵੱਡੇ ਨਿਗਰਾਨੀ ਪ੍ਰੋਗਰਾਮ ਦਾ ਹਿੱਸਾ ਸੀ ਜੋ ਚੀਨ ‘ਕਈ ਸਾਲਾਂ ਤੋਂ’ ਚਲਾ ਰਿਹਾ ਹੈ। ਚੀਨ ਨੇ ਮੰਨਿਆ ਹੈ ਕਿ ਗੁਬਾਰਾ ਉਸ ਦਾ ਆਪਣਾ ਸੀ ਪਰ ਇਸ ਗੱਲ ਤੋਂ ਇਨਕਾਰ ਕੀਤਾ ਕਿ ਇਹ ਜਾਸੂਸੀ ਲਈ ਸੀ। ਚੀਨ ਦਾ ਕਹਿਣਾ ਹੈ ਕਿ ਉਸ ਦਾ ਮਕਸਦ ਮੌਸਮ ਸਬੰਧੀ ਜਾਣਕਾਰੀ ਇਕੱਠੀ ਕਰਨਾ ਸੀ।