ਇੰਡੀਆਨਾਪੋਲਿਸ ਦੇ ਉੱਤਰ-ਪੂਰਬ ’ਚ ਮਾਨਸੀ ਸ਼ਹਿਰ ’ਚ ਇਕ ਛੇ ਸਾਲਾ ਬੱਚੇ ਨੇ ਆਪਣੀ ਪੰਜ ਸਾਲਾ ਭੈਣ ਦੇ ਸਿਰ ’ਚ ਗੋਲੀ ਮਾਰ ਦਿੱਤੀ। ਲਡ਼ਕੀ ਦੀ ਮੌਕੇ ’ਤੇ ਹੀ ਮੌਤ ਹੋ ਗਈ। ਪੁਲੀਸ ਨੇ ਇਸ ਸਬੰਧੀ ਉਸ ਦੇ ਮਾਪਿਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲੀਸ ਪੁੱਛਗਿੱਛ ’ਚ ਕਤਲ ਦਾ ਖੁਲਾਸਾ ਹੋਇਆ ਹੈ। ਪੁਲੀਸ ਨੇ ਦੱਸਿਆ ਕਿ ਜੈਕਬ ਗ੍ਰੇਸਨ ਨੇ ਜਾਂਚਕਰਤਾਵਾਂ ਨੂੰ ਦੱਸਿਆ ਕਿ ਉਸਦੇ ਛੇ ਸਾਲ ਦੇ ਬੇਟੇ ਨੇ ਸੇਫ ’ਚ ਗੋਲੀਆਂ ਨਾਲ ਭਰੀਆਂ ਦੋ ਬੰਦੂਕਾਂ ਵਿੱਚੋਂ ਇਕ ਨੂੰ ਚੁੱਕਿਆ ਅਤੇ ਆਪਣੀ ਭੈਣ ਨੂੰ ਗੋਲੀ ਮਾਰ ਦਿੱਤੀ। ਉਪ ਪੁਲੀਸ ਮੁਖੀ ਮੇਲਿਸਾ ਕ੍ਰਿਸਵੈਲ ਨੇ ਕਿਹਾ ਕਿ 28 ਸਾਲਾ ਗ੍ਰੇਸਨ ਅਤੇ ਉਸਦੀ ਪਤਨੀ ਕਿੰਬਰਲੀ ਗ੍ਰੇਸਨ (27) ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਸ ਦੇ ਨਾਲ ਹੀ ਬੱਚੇ ਨੇ ਪੁਲੀਸ ਨੂੰ ਦੱਸਿਆ ਕਿ ਉਸ ਨੂੰ ਆਪਣੇ ਮਾਤਾ-ਪਿਤਾ ਦੇ ਬੈੱਡਰੂਮ ’ਚ ਸੇਫ ਦੀ ਚਾਬੀ ਮਿਲੀ ਹੈ। ਉਸ ਸਮੇਂ ਉਸ ਦੀ ਮਾਂ ਸੌਂ ਰਹੀ ਸੀ, ਉਸ ਨੇ ਉਥੋਂ ਬੰਦੂਕ ਚੁੱਕ ਕੇ ਛੋਟੀ ਭੈਣ ਦੇ ਸਿਰ ’ਚ ਗੋਲੀ ਮਾਰ ਦਿੱਤੀ। ਬੱਚੇ ਦੀ ਮਾਂ ਕਿੰਬਰਲੀ ਗ੍ਰੇਸਨ ਨੇ ਕਿਹਾ ਕਿ ਉਹ ਅਤੇ ਉਸ ਦਾ ਪਤੀ ਕੁਝ ਸਮਾਂ ਪਹਿਲਾਂ ਬੇਟੇ ਨੂੰ ਬੰਦੂਕ ਚਲਾਉਣਾ ਸਿਖਾਉਣ ਲਈ ਉਸ ਨੂੰ ਸ਼ੂਟਿੰਗ ਰੇਂਜ ’ਤੇ ਲੈ ਗਏ ਸਨ। ਦੱਸਦਈਏ ਕਿ ਇਸ ਸਾਲ ਅਮਰੀਕਾ ’ਚ ਹੁਣ ਤਕ ਗੋਲੀਬਾਰੀ ਦੀਆਂ 300 ਤੋਂ ਵੱਧ ਘਟਨਾਵਾਂ ਹੋ ਚੁੱਕੀਆਂ ਹਨ। 22 ਜੂਨ ਨੂੰ ਅਮਰੀਕਨ ਸੰਸਦ ਮੈਂਬਰਾਂ ਨੇ ਵਧਦੇ ਵਿਰੋਧ ਪ੍ਰਦਰਸ਼ਨਾਂ ਕਾਰਨ ਗਨ ਸੇਫਟੀ ਬਿੱਲ ਨੂੰ ਮਨਜ਼ੂਰੀ ਦਿੱਤੀ ਸੀ।