ਅਮਰੀਕਾ ਦੇ ਯੂਬਾ ਸਿਟੀ ‘ਚ ਰਹਿੰਦੇ ਅਤੇ ਉੱਘੇ ਕਾਰੋਬਾਰੀ ਧਨਾਢ ਸਿੱਖ ਦੀਦਾਰ ਸਿੰਘ ਬੈਂਸ ਦਾ 84 ਸਾਲ ਦੀ ਉਮਰ ‘ਚ ਦੇਹਾਂਤ ਹੋ ਗਿਆ ਹੈ। ਨਾਮਵਰ ਸਿੱਖ ਆਗੂ ਦੀਦਾਰ ਸਿੰਘ ਬੈਂਸ ਧਾਰਮਿਕ ਕੰਮਾਂ, ਖਾਸ ਕਰਕੇ ਗੁਰਦੁਆਰਾ ਸਾਹਿਬ ਦੀ ਸਥਾਪਨਾ ਲਈ ਆਪਣੇ ਯੋਗਦਾਨ ਲਈ ਜਾਣੇ ਜਾਂਦੇ ਸਨ। ਉਹ ਪਿਛਲੇ ਕਈ ਦਹਾਕਿਆਂ ਤੋਂ ਯੂਬਾ ਸ਼ਹਿਰ ‘ਚ ਰਹਿ ਰਹੇ ਸਨ ਅਤੇ ਨਗਰ ਕੀਰਤਨਾਂ ਦੇ ਸਮਾਗਮਾਂ ਦੇ ਨਾਲ-ਨਾਲ ਟਇਏਰਾ ਬੁਏਨਾ ਗੁਰਦੁਆਰਾ ਸਾਹਿਬ ਦੇ ਕੰਮਾਂ ‘ਚ ਵੀ ਸਰਗਰਮ ਸਨ। 1938 ਨੂੰ ਮਾਹਿਲਪੁਰ ਨੇੜਲੇ ਪਿੰਡ ਛੋਟੇ ਨੰਗਲ ‘ਚ ਗੁਰਪਾਲ ਸਿੰਘ ਦੇ ਘਰ ਜਨਮੇ ਦੀਦਾਰ ਸਿੰਘ ਬੈਂਸ ਕਈ ਦਹਾਕੇ ਪਹਿਲਾਂ ਅਮਰੀਕਾ ਦੀ ਧਰਤੀ ‘ਤੇ ਆਏ ਸਨ। ਉਨ੍ਹਾਂ ਦੇ ਦਾਦਾ ਜੀ 1928 ‘ਚ ਅਮਰੀਕਾ ਗਏ ਸੀ ਤੇ ਦੀਦਾਰ ਸਿੰਘ ਦੇ ਜਨਮ ਤੋਂ ਬਾਅਦ ਉਨ੍ਹਾਂ ਦੇ ਪਿਤਾ ਵੀ ਅਮਰੀਕਾ ਵੱਸ ਗਏ। ਦੀਦਾਰ ਸਿੰਘ ਬੈਂਸ ਨੇ ਮੁੱਢਲੀ ਪੜ੍ਹਾਈ ਖਾਲਸਾ ਹਾਈ ਸਕੂਲ ਮਾਹਿਲਪੁਰ ਤੋਂ ਕੀਤੀ। ਵੀਹ ਸਾਲ ਦੀ ਉਮਰ (1958) ‘ਚ ਬੈਂਸ ਵੀ ਅਮਰੀਕਾ ਚਲੇ ਗਏ ਅਤੇ ਉਥੇ ਤਕਰੀਬਨ ਚਾਰ ਸਾਲ ਦੂਜਿਆਂ ਦੇ ਖੇਤਾਂ ‘ਚ ਮਜ਼ਦੂਰੀ ਕੀਤੀ। ਦੀਦਾਰ ਸਿੰਘ ਬੈਂਸ ਨੂੰ ਕੈਲੀਫੋਰਨੀਆ ਦੇ ਪੀਚ ਕਿੰਗ ਵਜੋਂ ਜਾਣਿਆ ਜਾਂਦਾ ਸੀ ਅਤੇ ਉੱਤਰੀ ਅਮਰੀਕਾ ਦੇ ਸਭ ਤੋਂ ਅਮੀਰ ਸਿੱਖ ਕਿਸਾਨਾਂ ਵਿੱਚੋਂ ਇਕ ਸਨ। ਉਹ ਆਪਣੀ ਜੇਬ ‘ਚ ਸਿਰਫ 8 ਡਾਲਰ ਲੈ ਕੇ ਅਮਰੀਕਾ ਆਏ ਸੀ। ਅਮਰੀਕਾ ਆਉਣ ਤੋਂ ਬਾਅਦ ਉਨ੍ਹਾਂ ਕੈਲੀਫੋਰਨੀਆ ‘ਚ ਖੇਤੀ ਲਈ ਜ਼ਮੀਨ ਦੇਖੀ। ਬਹੁਤ ਸੰਘਰਸ਼ ਕਰਨ ਤੋਂ ਬਾਅਦ ਉਹ ਉੱਤਰੀ ਕੈਲੀਫੋਰਨੀਆ ਦੇ ਸਭ ਤੋਂ ਅਮੀਰ ਆਦਮੀਆਂ ਵਿੱਚੋਂ ਇਕ ਬਣ ਗਏ। 1983 ਤੋਂ ਪਹਿਲਾਂ ਉਹ ਉੱਤਰੀ ਅਮਰੀਕਾ ਅਕਾਲੀ ਦਲ ਦੇ ਮੁਖੀ ਸਨ। ਅੰਮ੍ਰਿਤਸਰ ‘ਚ ਬਲਿਊ ਸਟਾਰ ਆਪਰੇਸ਼ਨ ਤੋਂ ਬਾਅਦ ਉਹ ਵਿਸ਼ਵ ਸਿੱਖ ਸੰਸਥਾ ਦੇ ਪ੍ਰਧਾਨ ਬਣੇ। 1985 ‘ਚ ਉਹ ਵਿਸ਼ਵ ਕਬੱਡੀ ਫੈਡਰੇਸ਼ਨ ਦੇ ਸੰਸਥਾਪਕ ਚੇਅਰਮੈਨ ਬਣੇ। ਉਹ ਵਰਲਡ ਸਿੱਖ ਕੌਂਸਲ ਦੇ ਮੈਂਬਰ ਵੀ ਰਹੇ।